ਵਾਸ਼ਿੰਗਟਨ (ਪੀਟੀਆਈ) :

ਭਾਰਤੀ ਮੂਲ ਦੀ ਇਕ ਮਾਂ ਨੂੰ ਪੰਜ ਹਫਤੇ ਦੀ ਆਪਣੀ ਬੱਚੀ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰਨ ਦੇ ਦੋਸ਼ ਹੇਠ ਅਮਰੀਕਾ 'ਚ ਗਿ੍ਰਫਤਾਰ ਕੀਤਾ ਗਿਆ ਹੈ। ਬੱਚੀ ਦੀ ਲੱਤ ਅਤੇ ਹੱਡੀਆਂ ਟੁੱਟ ਗਈਆਂ ਹਨ। ਪੁਲਸ ਨੇ ਕਿਹਾ ਕਿ 25 ਸਾਲਾ ਰਿੰਕੂਬੇਨ ਪਟੇਲ ਨੂੰ ਪਿਛਲੇ ਮੰਗਲਵਾਰ ਨੂੰ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਉਹ ਇਸ ਸਮੇਂ ਉੱਤਰੀ ਕੈਰੋਲੀਨਾ ਦੀ ਕੰਬਰਲੈਂਡ ਕਾਉਂਟੀ ਜੇਲ੍ਹ 'ਚ ਬੰਦ ਹੈ। ਉੱਤਰ ਕੈਰੋਲੀਨਾ 'ਚ ਸਪਰਿੰਗ ਲੇਕ ਪੁਲਸ ਵਿਭਾਗ ਮੁਤਾਬਕ ਬੱਚੀ ਨੂੰ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ ਹੈ।

ਰਿੰਕੂਬੇਨ ਨੇ 25 ਨਵੰਬਰ ਨੂੰ ਇਕ ਐਂਬੂਲੈਂਸ ਬੁਲਾਈ ਸੀ ਅਤੇ ਕਿਹਾ ਸੀ ਕਿ ਉਸਦੀ ਬੱਚੀ ਨੂੰ ਦੌਰੇ ਪੈ ਰਹੇ ਹਨ। ਕੇਪ ਫੀਅਰ ਵੈਲੀ ਮੈਡੀਕਲ ਸੈਂਟਰ 'ਚ ਇਕ ਡਾਕਟਰ ਨੇ ਦੇਖਿਆ ਕਿ ਬੱਚੀ ਦੀਆਂ ਕਈ ਹੱਡੀਆਂ ਟੁੱਟੀਆਂ ਸਨ ਅਤੇ ਉਸਦੇ ਦਿਮਾਗ 'ਚ ਖੂਨ ਰਿਸ ਰਿਹਾ ਸੀ। ਬੱਚੀ ਇਸ ਸਮੇਂ ਸੋਸ਼ਲ ਸਰਵਿਸਿਜ਼ ਦੀ ਨਿਗਰਾਨੀ ਹੇਠ ਹੈ। ਰਿੰਕੂਬੇਨ, ਉਸਦਾ ਪਤੀ ਅਤੇ ਉਨ੍ਹਾਂ ਦੀ ਬੱਚੀ ਇਕ ਹੋਰ ਜੋੜੇ ਨਾਲ ਇਕ ਅਪਾਰਮੈਂਟ 'ਚ ਰਹਿੰਦੇ ਸਨ।