ਹਰਵਿੰਦਰ ਰਿਆੜ, ਨਿਊਯਾਰਕ : ਪੰਜਾਬ ਦੇ ਮੁੱਖ ਤਿਉਹਾਰ ਲੋਹੜੀ ਅਤੇ ਦੀਵਾਲੀ ਨਾਲ ਮੇਲ ਖਾਂਦੇ ਅਮਰੀਕਾ ਦੀ ਧਰਤੀ 'ਤੇ ਪਲੀ ਰਵਾਇਤ ਨੂੰ ਨਿਭਾਉਣ ਵਾਲੇ ਦੋ ਤਿਉਹਾਰ ਹਨ ਕਿ੍ਰਸਮਸ ਅਤੇ ਹੈਲੋਵਿਨ ਡੇਅ। ਹੈਲੋਵਿਨ ਡੇਅ ਜਿਸ ਨੂੰ ਭੂਤਾਂ ਦਾ ਦਿਨ ਸਮਝ ਕੇ ਮਨਾਇਆ ਜਾਂਦਾ ਹੈ ਪਰ ਇਸਦੀ ਝਲਕ ਪੰਜਾਬ ਦੀ ਲੋਹੜੀ ਵਰਗੀ ਹੈ ਕਿਉਂਕਿ ਲੋਹੜੀ ਵਿਚ ਕਣਕ, ਕੁਲਰ ਅਤੇ ਰੁਪਏ ਰਿਉੜੀਆਂ ਵੰਡੀਆਂ ਜਾਂਦੀਆਂ ਹਨ ਤੇ ਇੱਥੇ ਕੈਂਡੀਆਂ ਤੇ ਚਾਕਲੇਟ ਬੱਚਿਆਂ ਨੂੰ ਵੰਡੇ ਜਾਂਦੇ ਹਨ। ਅਮਰੀਕਨ ਲੋਕ ਇਸ ਦਿਨ ਨੂੰ ਬੜੀ ਸ਼ਿੱਦਤ ਨਾਲ ਮਨਾਉਂਦੇ ਹਨ ਤੇ ਹੋਰ ਵੀ ਖਾਸ ਬਣਾਉਣ ਲਈ ਬੱਚੇ ਅਤੇ ਅੌਰਤਾਂ ਭੂਤਾਂ ਵਾਲਾ ਮੇਕ ਅੱਪ ਅਤੇ ਕੱਪੜੇ ਪਾਉਂਦੇ ਹਨ। ਹੈਲੋਵਿਨ ਦਾ ਅਸਲ ਦਿਨ ਤਾਂ 31 ਅਕਤੂਬਰ ਹੀ ਹੁੰਦਾ ਹੈ ਪਰ ਵੱਖ-ਵੱਖ ਸ਼ਹਿਰਾਂ, ਕਸਬਿਆਂ ਵਿਚ ਅਲੱਗ-ਅਲੱਗ ਦਿਨ ਮਿੱਥ ਕੇ ਇਹ ਮਨਾਇਆ ਜਾਂਦਾ ਹੈ ਕਿਉਂਕਿ ਬੱਚਿਆਂ ਦੀ ਹਿਫਾਜ਼ਤ ਅਤੇ ਕਿਸੇ ਤਰ੍ਹਾਂ ਦੀ ਗੁੰਮਰਾਹੀ ਨੂੰ ਧਿਆਨ ਵਿਚ ਰੱਖਣ ਲਈ ਪੁੁਲਸ ਦੀਆਂ ਗੱਡੀਆਂ ਵੀ ਟਾਊਨ ਮੁਹੱਲੇ ਅੰਦਰ ਮੌਜੂਦ ਹੁੰਦੀਆਂ ਹਨ। ਉਂਝ ਬੱਚਿਆਂ ਦੇ ਮਾਪੇ ਵੀ ਨਾਲ ਹੁੰਦੇ ਹਨ ਜੋ ਬੱਚਿਆਂ ਨੂੰ ਗੱਡੀਆਂ ਵਿਚ ਨਾਲ ਲੈ ਕੇ ਆਉਂਦੇ ਹਨ। ਸਿਨਸਨੈਟੀ ਵਿਚ ਪੈਂਦੇ ਛੋਟੇ ਜਿਹੇ ਸ਼ਹਿਰ ਮੌਰੋ ਵਿਚ ਵਸਦੇ ਲੋਕਾਂ ਤੇ ਬੱਚਿਆਂ ਨੇ ਵੀ ਇਹ ਤਿਉਹਾਰ ਬੜੇ ਚਾਅ ਅਤੇ ਖੁਸ਼ੀ ਨਜ਼ਰ ਮਨਾਇਆ।

ਇਸ ਵਿਚ ਹਰ ਭਾਈਚਾਰੇ ਵਾਂਗ ਪੰਜਾਬੀਆਂ ਨੇ ਵੀ ਹਰੇਕ ਸਾਲ ਦੀ ਤਰ੍ਹਾਂ ਆਪਣੇ ਅਤੇ ਇਨ੍ਹਾਂ ਦੇ ਤਰੀਕੇ ਨਾਲ ਸਾਂਝ ਪਾਈ। ਉਹ ਵੀ ਅਮਰੀਕਾ ਵਾਂਗ ਆਪਣੇ ਦਰਾਂ ਦੇ ਮੂਹਰੇ ਕੈਂਡੀਆਂ ਵਾਲੀ ਟੋਕਰੀ ਰੱਖੀ ਬੈਠੇ ਸਨ ਤੇ ਪੰਜਾਬ ਦੀ ਲੋਹੜੀ ਵਰਗੀ ਖੁਸ਼ੀ ਮਹਿਸੂਸ ਕਰਦੇ ਸਨ।