ਹਿਊਸਟਨ (ਏਜੰਸੀ) : ਪਹਿਲਾਂ ਤੋਂ ਹੀ ਪਾਣੀ ਜਮ੍ਹਾਂ ਹੋਣ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਟੈਕਸਾਸ ਵਿਚ ਇਕ ਵਾਰ ਫਿਰ ਆਏ ਤੇਜ਼ ਤੂਫਾਨ ਅਤੇ ਭਾਰੀ ਬਾਰਿਸ਼ ਵਾਲੇ 3 ਚੱਕਰਵਾਤਾਂ ਮਗਰੋਂ ਮਰਨ ਵਾਲਿਆਂ ਦੀ ਗਿਣਤੀ ਵਧ ਕੇ 6 ਹੋ ਗਈ ਹੈ। ਹਾਲ ਹੀ ਵਿਚ ਹਿਊਸਟਨ ਪੁਲਸ ਨੇ 2 ਲਾਸ਼ਾਂ ਬਰਾਮਦ ਕੀਤੀਆਂ ਹਨ। ਮੱਧ ਟੈਕਸਾਸ ਵਿਚ ਹੜ੍ਹ ਦੇ ਪਾਣੀ ਵਿਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ। ਭਾਰੀ ਤੂਫਾਨ ਪੈਟਰੀਸ਼ੀਆ ਦੀ ਮਾਰ ਝੱਲ ਚੁੱਕਾ ਟੈਕਸਾਸ ਅਜੇ ਸੁੱਕਣ ਦੀ ਕੋਸ਼ਿਸ਼ ਹੀ ਕਰ ਰਿਹਾ ਸੀ ਕਿ ਉਹ ਇਨ੍ਹਾਂ ਤੂਫਾਨਾਂ ਅਤੇ ਚੱਕਰਵਾਤਾਂ ਕਾਰਨ ਇਕ ਵਾਰ ਫਿਰ ਪਾਣੀ ਵਿਚ ਡੁੱਬ ਗਿਆ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਤੂਫਾਨ ਅਤੇ ਚੱਕਰਵਾਤ ਮੈਕਸੀਕੋ ਤੋਂ ਉੱਚ ਪੱਧਰੀ ਹਵਾ ਦੇ ਦਬਾਅ ਕਾਰਨ ਆਏ ਹਨ। ਹਿਊਸਟਨ ਦੇ ਕੁਝ ਇਲਾਕਿਆਂ ਵਿਚ ਸ਼ੁੱਕਰਵਾਰ ਤੋਂ ਕਰੀਬ 30 ਸੈਂਟੀਮੀਟਰ ਤਕ ਬਾਰਿਸ਼ ਹੋ ਚੁੱਕੀ ਹੈ। ਹਿਊਸਟਨ ਫਾਇਰ ਬਿ੍ਰਗੇਡ ਵਿਭਾਗ ਨੇ ਕਿਹਾ ਕਿ ਉਸਨੇ 130 ਤੋਂ ਵੱਧ ਮਾਮਲਿਆਂ ਵਿਚ ਬਚਾਅ ਕਾਰਜ ਕੀਤਾ। ਸ਼ਹਿਰ ਦੇ ਬੁਲਾਰੇ ਮਾਈਕਲ ਵਾਲਟਰ ਨੇ ਕਿਹਾ ਕਿ ਹਿਊਸਟਨ ਪੁਲਸ ਨੂੰ 2 ਲਾਸ਼ਾਂ ਮਿਲੀਆਂ ਹਨ। ਤੂਫਾਨ ਕਾਰਨ ਲਗਪਗ 25 ਕੱਚੇ ਮਕਾਨ ਤਬਾਹ ਹੋ ਗਏ।