-ਰਾਸ਼ਟਰਪਤੀ ਟਰੰਪ ਨੇ ਕੀਤੀ ਜਾਂਚ ਦੀ ਮੰਗ

-22 ਐੱਮਪੀਜ਼ ਨੇ ਪੱਤਰ ਲਿਖ ਕੇ ਦੋਸ਼ੀਆਂ 'ਤੇ ਕਾਰਵਾਈ ਮੰਗੀ

ਵਾਸ਼ਿੰਗਟਨ (ਪੀਟੀਆਈ) : ਸਾਊਦੀ ਅਰਬ ਦੇ ਲਾਪਤਾ ਪੱਤਰਕਾਰ ਜਮਾਨ ਖਸ਼ੋਗੀ ਦੇ ਹੱਕ ਵਿਚ ਉਤਰੇ ਅਮਰੀਕਾ ਦੇ 22 ਐੱਮਪੀਜ਼ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪੱਤਰ ਲਿਖਿਆ ਹੈ। ਇਨ੍ਹਾਂ ਐੱਮਪੀਜ਼ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਜਮਾਲ ਦਾ ਪਤਾ ਲਗਾਉਣ ਦਾ ਆਦੇਸ਼ ਦੇਣ ਅਤੇ ਉਨ੍ਹਾਂ ਦੇ ਲਾਪਤਾ ਹੋਣ ਵਿਚ ਦੋਸ਼ੀ ਪਾਏ ਜਾਣ ਵਾਲੇ ਲੋਕਾਂ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਅਮਰੀਕਾ ਵਾਸੀ ਜਮਾਲ ਦੋ ਅਕਤੂਬਰ ਨੂੰ ਤੁਰਕੀ ਦੇ ਇਸਤਾਂਬੁਲ ਸ਼ਹਿਰ ਵਿਚ ਸਥਿਤ ਸਾਊਦੀ ਅਰਬ ਦੇ ਵਣਜ ਦੂਤਘਰ ਗਏ ਸਨ। ਉਹ ਤਦ ਤੋਂ ਲਾਪਤਾ ਹਨ। ਤੁਰਕੀ ਦੇ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਦੂਤਘਰ ਵਿਚ ਹੀ ਉਸ ਦੀ ਹੱਤਿਆ ਕਰ ਦਿੱਤੀ ਗਈ। ਸਾਊਦੀ ਅਰਬ ਨੇ ਹਾਲਾਂਕਿ ਇਨ੍ਹਾਂ ਦਾਅਵਿਆਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ।

59 ਸਾਲਾ ਜਮਾਲ ਸਾਊਦੀ ਸਰਕਾਰ ਅਤੇ ਪਿ੍ਰੰਸ ਮੁਹੰਮਦ ਬਿਨ ਸਲਮਾਨ ਦੇ ਮੁੱਖ ਆਲੋਚਕ ਰਹੇ ਹਨ। ਜਮਾਲ ਅਮਰੀਕੀ ਅਖ਼ਬਾਰ 'ਵਾਸ਼ਿੰਗਟਨ ਪੋਸਟ' ਵਿਚ ਲਿਖਦੇ ਰਹੇ ਹਨ। ਉਨ੍ਹਾਂ ਦੇ ਲਾਪਤਾ ਹੋਣ 'ਤੇ ਟਰੰਪ ਨੇ ਬੁੱਧਵਾਰ ਨੂੰ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਸਾਊਦੀ ਅਰਬ ਦੇ ਅਧਿਕਾਰੀਆਂ ਤੋਂ ਇਸ ਬਾਰੇ ਜਵਾਬ ਮੰਗਿਆ ਹੈ। ਜਮਾਲ ਦੀ ਮੰਗੇਤਰ ਹੈਟਿਸ ਕੇਂਗਿਜ ਨੇ ਵੀ ਟਰੰਪ ਤੋਂ ਜਮਾਲ ਦਾ ਪਤਾ ਲਗਾਉਣ ਦੀ ਅਪੀਲ ਕੀਤੀ ਹੈ।

ਚੁੱਪ ਨਹੀਂ ਰਹਿ ਸਕਦਾ ਤੁਰਕੀ : ਅਰਦੋਗਨ

ਇਸਤਾਂਬੁਲ (ਰਾਇਟਰ) : ਤੁਰਕੀ ਦੇ ਰਾਸ਼ਟਰਪਤੀ ਰੈਸੇਪ ਤੈਯਬ ਅਰਦੋਗਨ ਨੇ ਵੀਰਵਾਰ ਨੂੰ ਕਿਹਾ ਕਿ ਸਾਊਦੀ ਪੱਤਰਕਾਰ ਜਮਾਲ ਦੇ ਲਾਪਤਾ ਹੋਣ 'ਤੇ ਉਨ੍ਹਾਂ ਦਾ ਦੇਸ਼ ਚੁੱਪ ਨਹੀਂ ਰਹਿ ਸਕਦਾ। ਤੁਰਕੀ ਸਾਰੇ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।