ਵਾਸ਼ਿੰਗਟਨ (ਰਾਇਟਰ) : ਸਾਲ 2016 ਵਿਚ ਰਾਸ਼ਟਰਪਤੀ ਚੋਣ ਵਿਚ ਰੂਸੀ ਦਖਲ ਮਾਮਲੇ ਵਿਚ ਚਾਰ ਅਮਰੀਕੀਆਂ ਖ਼ਿਲਾਫ਼ ਜਾਂਚ ਸ਼ੁਰੂ ਹੋਈ ਸੀ। ਜਾਂਚਕਰਤਾ ਇਹ ਪਤਾ ਲਗਾਉਣ ਵਿਚ ਲੱਗੇ ਸਨ ਕਿ ਇਨ੍ਹਾਂ ਲੋਕਾਂ ਨੇ ਕਿਸ ਤਰ੍ਹਾਂ ਰੂਸ ਨੂੰ ਚੋਣ ਵਿਚ ਹੇਰਾਫੇਰੀ ਕਰਨ ਵਿਚ ਮਦਦ ਕੀਤੀ। ਅਮਰੀਕਾ ਦੀ ਸੰਘੀ ਜਾਂਚ ਏਜੰਸੀ ਐੱਫਬੀਆਈ ਦੇ ਸਾਬਕਾ ਮੁਖੀ ਜੇਮਸ ਕੋਮੀ ਨੇ ਰਾਸ਼ਟਰਪਤੀ ਚੋਣ ਵਿਚ ਰੂਸੀ ਦਖਲ ਨੂੰ ਲੈ ਕੇ ਸੰਸਦੀ ਕਮੇਟੀ ਦੀ ਸੁਣਵਾਈ ਦੌਰਾਨ ਇਹ ਗੱਲ ਕਹੀ।

ਸੰਸਦੀ ਕਮੇਟੀ ਦੇ ਸਾਹਮਣੇ ਕੋਮੀ ਨੇ ਕਿਹਾ ਕਿ ਚਾਰ ਅਮਰੀਕੀਆਂ ਦੇ ਖ਼ਿਲਾਫ਼ ਜੁਲਾਈ ਦੇ ਅੰਤ ਵਿਚ ਜਾਂਚ ਸ਼ੁਰੂ ਹੋਈ ਸੀ। ਸਾਨੂੰ ਸ਼ੰਕਾ ਸੀ ਕਿ ਰਾਸ਼ਟਰਪਤੀ ਚੋਣ ਵਿਚ ਦਖਲ ਨੂੰ ਲੈ ਕੇ ਕੁਝ ਅਮਰੀਕੀਆਂ ਨੇ ਰੂਸੀਆਂ ਦੀ ਮਦਦ ਕੀਤੀ ਹੋਵੇਗੀ। ਕੋਮੀ ਨੇ ਹਾਲਾਂਕਿ ਇਨ੍ਹਾਂ ਅਮਰੀਕੀਆਂ ਦੀ ਪਛਾਣ ਉਜਾਗਰ ਕਰਨ ਤੋਂ ਇਨਕਾਰ ਕਰ ਦਿੱਤਾ ਪ੍ਰੰਤੂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਚਾਰ ਲੋਕਾਂ ਵਿਚ ਟਰੰਪ ਸ਼ਾਮਲ ਨਹੀਂ ਸਨ। ਟਰੰਪ ਨੇ ਮਈ, 2017 ਵਿਚ ਕੋਮੀ ਨੂੰ ਐੱਫਬੀਆਈ ਮੁਖੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਇਸ ਪਿੱਛੋਂ ਕਾਨੂੰਨ ਵਿਭਾਗ ਨੇ ਇਸ ਜਾਂਚ ਲਈ ਵਿਸ਼ੇਸ਼ ਵਕੀਲ ਰਾਬਰਟ ਮੂਲਰ ਨੂੰ ਨਿਯੁਕਤ ਕੀਤਾ ਸੀ।