ਮਾਸਕੋ (ਏਜੰਸੀ) : ਪਿਛਲੇ ਦਿਨੀਂ ਪੁਲਾੜ 'ਚ ਬੇਕਾਬੂ ਹੋਇਆ ਰੂਸੀ ਪੁਲਾੜ ਯਾਨ ਸ਼ੁੱਕਰਵਾਰ ਨੂੰ ਧਰਤੀ ਦੇ ਘੇਰੇ 'ਚ ਪੁੱਜ ਦੇ ਹੀ ਸੜ ਕੇ ਨਸ਼ਟ ਹੋ ਗਿਆ। ਦੱਸ ਦਿਨ ਪਹਿਲੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐਸਐਸ) ਲਈ ਰਸਦ ਲੈ ਕੇ ਰਵਾਨਾ ਹੋਇਆ ਇਹ ਯਾਨ ਰਵਾਨਗੀ ਦੇ ਕੁੱਝ ਹੀ ਦੇਰ ਬਾਅਦ ਹੀ ਕੰਟਰੋਲ ਗੁਵਾ ਬੈਿਠਆ ਸੀ। ਰੂਸੀ ਪੁਲਾੜ ਏਜੰਸੀ ਰਾਸਕਾਸਮਾਸ ਦੇ ਮਾਹਰਾਂ ਨੇ ਯਾਨ ਦੇ ਨਸ਼ਟ ਹੋਣ ਦੀ ਜਾਣਕਾਰੀ ਦਿੱਤੀ ਹੈ। ਰੂਸ ਦਾ ਮਨੁੱਖ ਰਹਿਤ ਯਾਨ ਪ੍ਰੋਗ੍ਰੇਸ ਐਮ-27 ਐਮ ਗਤ 28 ਅਪ੍ਰੈਲ ਨੂੰ ਕਜਾਕਿਸਤਾਨ ਤੋਂ ਛੱਡਿਆ ਗਿਆ ਸੀ। ਦਾਗੇ ਜਾਣ ਮਗਰੋਂ ਹੀ ਕੰਟਰੋਲ ਧਿਰ ਤੋਂ ਇਸ ਦਾ ਸੰਪਰਕ ਟੁੱਟ ਗਿਆ ਸੀ। ਮਾਹਰਾਂ ਨੇ ਇਸ ਤੈਅ ਰੂਟ 'ਤੇ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਨਾਕਾਮ ਰਹੇ। ਇਸ ਯਾਨ ਨੂੰ ਆਈਐਸਐਸ 'ਚ ਰਹਿ ਰਹੇ ਛੇ ਮੈਂਬਰੀ ਵਿਗਿਆਨਕ ਦਲ ਦੇ ਲਈ ਖੁਰਾਕ ਸਮੱਗਰੀ, ਕੱਪੜੇ, ਈਂਧਨ, ਆਕਸੀਜ਼ਨ ਤੇ ਹੋਰਨਾਂ ਜ਼ਰੂਰੀ ਸਮੱਗਰੀ ਲੈ ਕੇ ਰਵਾਨਾ ਕੀਤਾ ਗਿਆ ਸੀ। ਮਾਹਰਾਂ ਮੁਤਾਬਕ ਧਰਤੀ ਦੇ ਵਾਯੂ ਮੰਡਲ 'ਚ ਪ੍ਰਵੇਸ਼ ਕਰਦੇ ਹੀ ਯਾਨ ਸੜ ਕੇ ਖ਼ਾਕ ਹੋ ਗਿਆ, ਇਸ ਲਈ ਧਰਤੀ 'ਤੇ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਹੈ।