ਸ਼੍ਰੀਨਗਰ/ ਜੰਮੂ : ਜੰਮੂ ਕਸ਼ਮੀਰ 'ਚ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਬਰਕਰਾਰ ਹੈ ਜਦਕਿ ਰਾਜਪਾਲ ਐਨ ਐਨ ਵੋਹਰਾ ਨੇ ਇਸਨੂੰ ਖਤਮ ਕਰਨ ਲਈ ਪੀਡੀਪੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਅਤੇ ਭਾਜਪਾ ਦੀ ਸੂਬਾਈ ਇਕਾਈ ਦੇ ਪ੍ਰਧਾਨ ਸਤਪਾਲ ਸ਼ਰਮਾ ਨੂੰ ਮੰਗਲਵਾਰ ਨੂੰ ਆਪਣਾ ਸਟੈਂਡ ਸਪਸ਼ਟ ਕਰਨ ਲਈ ਬੁਲਾਇਆ ਹੈ। ਪੀਡੀਪੀ ਨੇ ਅੱਜ ਵੀ ਮਾਮਲੇ 'ਤੇ ਸਸਪੈਂਸ ਬਣਾਈ ਰੱਖਿਆ। ਮੁਫਤੀ ਮੁਹੰਮਦ ਸਈਦ ਦੀ ਮੌਤ ਤੋਂ ਬਾਅਦ ਪੀਡੀਪੀ ਦੀ ਹੋਈ ਪਹਿਲੀ ਬੈਠਕ 'ਚ ਇਸ ਬਾਰੇ ਵੀ ਸਪਸ਼ਟ ਸੰਕੇਤ ਨਹੀਂ ਦਿੱਤਾ ਗਿਆ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਮਹਿਬੂਬਾ ਨੂੰ ਚੁਣਿਆ ਗਿਆ ਹੈ ਜਾਂ ਨਹੀਂ।

ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਹੋ ਰਹੀ ਬੈਠਕ ਮਗਰੋਂ ਪਾਰਟੀ ਦੇ ਨੇਤਾ ਨਈਮ ਅਖਤਰ ਨੇ ਸਿਰਫ ਏਨਾ ਹੀ ਕਿਹਾ ਕਿ ਮਹਿਬੂਬਾ ਨੂੰ ਸਰਕਾਰ ਦੇ ਗਠਨ ਲਈ ਰਾਜਪਾਲ ਨੂੰ ਪਾਰਟੀ ਸਟੈਂਡ ਬਾਰੇ ਸੂਚਿਤ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਉਨ੍ਹਾਂ ਇਹ ਨਹੀਂ ਦੱਸਿਆ ਕਿ ਪਾਰਟੀ ਦਾ ਸਟੈਂਡ ਕੀ ਹੈ। ਰਾਜਪਾਲ ਐਨ ਐਨ ਵੋਹਰਾ ਨੇ ਕੱਲ੍ਹ ਮਹਿਬੂਬਾ ਅਤੇ ਸ਼ਰਮਾ ਨੂੰ ਅਲੱਗ-ਅਲੱਗ ਬੈਠਕ ਲਈ ਬੁਲਾਇਆ ਹੈ। ਨਈਮ ਨੇ ਵੀ ਮਹਿਬੂਬਾ ਨੂੰ ਰਾਜਪਾਲ ਦਾ ਸੱਦਾ ਆਉਣ ਦੀ ਪੁਸ਼ਟੀ ਕੀਤੀ। ਮਹਿਬੂਬਾ ਕੱਲ੍ਹ ਦੁਪਹਿਰ ਬਾਅਦ ਰਾਜਪਾਲ ਨੂੰ ਮਿਲੇਗੀ ਅਤੇ ਉਸਦੇ ਬਾਅਦ ਸ਼ਰਮਾ ਰਾਜਪਾਲ ਨੂੰ ਮਿਲਣਗੇ।

ਜ਼ਿਕਰਯੋਗ ਹੈ ਕਿ ਪੀਡੀਪੀ ਕੋਲ 87 ਮੈਂਬਰੀ ਵਿਧਾਨ ਸਭਾ 'ਚ 27 ਵਿਧਾਇਕ ਹਨ ਅਤੇ ਭਾਜਪਾ ਕੋਲ 25 ਵਿਧਾਇਕ ਹਨ। ਰਾਜਪਾਲ ਨੇ ਮਹਿਬੂਬਾ ਨੂੰ ਇਸ ਲਈ ਸੱਦਾ ਭੇਜਿਆ ਹੈ ਜਦੋਂ ਕੱਲ੍ਹ ਉਨ੍ਹਾਂ ਨੇ ਭਾਜਪਾ ਨਾਲ ਗੱਠਜੋੜ ਨੂੰ ਲੈ ਕੇ ਸਖਤ ਸਟੈਂਡ ਲਿਆ ਸੀ। ਇਨ੍ਹਾਂ ਸਿਆਸੀ ਸਰਗਰਮੀਆਂ 'ਚ ਭਾਜਪਾ ਕੋਰ ਕਮੇਟੀ ਦੀ ਬੈਠਕ ਜੰਮੂ 'ਚ ਹੋਈ ਜਿਸ ਵਿਚ ਫੈਸਲਾ ਕੀਤਾ ਗਿਆ ਕਿ ਰਾਜਪਾਲ ਨਾਲ ਮੁਲਾਕਾਤ ਤੋਂ ਪਹਿਲਾਂ ਕੇਂਦਰੀ ਲੀਡਰਸ਼ਿਪ ਨਾਲ ਵਿਚਾਰ ਕੀਤਾ ਜਾਏਗਾ। ਬੈਠਕ ਦੇ ਤੁਰੰਤ ਬਾਅਦ ਭਾਜਪਾ ਦੇ ਕੁਝ ਸੀਨੀਅਰ ਆਗੂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਮਿਲਣ ਲਈ ਦਿੱਲੀ ਰਵਾਨਾ ਹੋ ਗਏ।

ਇਸ ਤੋਂ ਪਹਿਲਾਂ ਕੋਰ ਕਮੇਟੀ ਦੀ ਬੈਠਕ 'ਚ ਮਹਿਬੂਬਾ ਦੇ ਬਿਆਨ 'ਤੇ ਵਿਚਾਰ ਵੀ ਕੀਤਾ ਗਿਆ। ਪ੍ਰਦੇਸ਼ ਭਾਜਪਾ ਪ੍ਰਧਾਨ ਨੇ ਕਿਹਾ ਕਿ ਪਿਛਲੇ ਦਸ ਮਹੀਨਿਆਂ 'ਚ ਜਿਹੜੀਆਂ ਸਰਗਰਮੀਆਂ ਹੋਈਆਂ ਹਨ, ਉਹ ਪਿਛਲੇ 60 ਸਾਲਾਂ 'ਚ ਨਹੀਂ ਹੋਈਆਂ। ਏਜੰਡਾ ਆਫ ਐਲਾਇੰਸ ਜੰਮੂ ਕਸ਼ਮੀਰ 'ਚ ਵਿਕਾਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁਫਤੀ ਮੁਹੰਮਦ ਸਈਦ ਦਾ ਨਜ਼ਰੀਆ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਵਿਕਾਸ ਦੀ ਰਫਤਾਰ ਹੌਲੀ ਹੈ ਤਾਂ ਇਸਨੂੰ ਤੇਜ਼ ਕੀਤਾ ਜਾ ਸਕਦਾ ਹੈ। ਜਦੋਂ ਉਨ੍ਹਾਂ ਨੂੰ ਪੁੱਿਛਆ ਗਿਆ ਕਿ ਕੀ ਭਾਜਪਾ ਨਵੀਆਂ ਚੋਣਾਂ ਲਈ ਤਿਆਰ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਸਵਾਲ ਦਾ ਜਵਾਬ ਦੇਣਾ ਹਾਲੇ ਉਚਿਤ ਨਹੀਂ।