ਲੰਡਨ (ਏਜੰਸੀ) : ਬਰਤਾਨੀਆ ਵਿਚ ਹੁਣ ਸਿੱਖ ਪਗੜੀ ਸਜਾ ਕੇ ਦਫਤਰ ਵਿਚ ਕੰਮ ਕਰ ਸਕਣਗੇ ਅਤੇ ਇਸਦੇ ਲਈ ਉਨ੍ਹਾਂ ਨੂੰ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਕੰਮ ਦੇ ਸਥਾਨਾਂ 'ਤੇ ਪਗੜੀ ਸਜਾਉਣ 'ਤੇ ਲੱਗੀ ਰੋਕ ਨੂੰ ਹਟਾ ਲਿਆ ਗਿਆ ਹੈ ਅਤੇ ਨਵਾਂ ਨਿਯਮ ਵੀਰਵਾਰ ਤੋਂ ਲਾਗੂ ਹੋ ਗਿਆ ਹੈ। ਸਿੱਖ ਸੰਗਠਨਾਂ ਨੇ ਸਾਲਾਂ ਤੋਂ ਬਿ੍ਰਟੇਨ ਵਿਚ ਰੋਜ਼ਗਾਰ ਕਾਨੂੰਨ ਦੀ ਊਣਤਾਈ ਨੂੰ ਦੂਰ ਕਰਨ ਲਈ ਮੁਹਿੰਮ ਚਲਾਈ ਹੋਈ ਸੀ। ਕਾਨੂੰਨ ਵਿਚ ਸਿੱਖਾਂ ਨੂੰ ਸਿਰਫ ਨਿਰਮਾਣ ਸਾਈਟ ਜਿਵੇਂ ਵੱਧ ਖਤਰੇ ਵਾਲੇ ਖੇਤਰ ਵਿਚ ਸੁਰੱਖਿਆ ਟੋਪੀ ਪਾਉਣ ਦੀ ਛੋਟ ਦਿੱਤੀ ਗਈ ਸੀ। ਹੁਣ ਇਸ ਊਣਤਾਈ ਨੂੰ ਖਤਮ ਕਰਨ ਲਈ ਬਿ੍ਰਟਿਸ਼ ਸਰਕਾਰ ਨੇ ਇਕ ਤਰਮੀਮ ਬਿੱਲ ਪੇਸ਼ ਕੀਤਾ। 1989 ਤੋਂ ਨਿਰਮਾਣ ਉਦਯੋਗ ਵਿਚ ਕੰਮ ਕਰਨ ਵਾਲੇ ਸਿੱਖਾਂ ਨੂੰ ਸਿਰ ਦੀ ਸੁਰੱਖਿਆ ਦੇ ਨਿਯਮਾਂ ਤੋਂ ਛੋਟ ਦਿੱਤੀ ਗਈ ਪਰ ਫੈਕਟਰੀਆਂ ਅਤੇ ਗੋਦਾਮਾਂ ਵਰਗੇ ਘੱਟ ਖਤਰੇ ਵਾਲੇ ਉਦਯੋਗਾਂ ਵਿਚ ਕੰਮ ਕਰਨ ਵਾਲਿਆਂ ਨੂੰ ਇਹ ਛੋਟ ਨਹੀਂ ਸੀ। ਬਹੁਤ ਸਾਰੀਆਂ ਨੌਕਰੀਆਂ ਵਿਚ ਸੁਰੱਖਿਆ ਟੋਪੀ ਦੇ ਸਥਾਨ 'ਤੇ ਪਗੜੀ ਸਜਾਉਣ ਵਾਲੇ ਸਿੱਖਾਂ 'ਤੇ ਅਨੁਸ਼ਾਸਨੀ ਕਾਰਵਾਈ ਦਾ ਖਤਰਾ ਹੋ ਸਕਦਾ ਸੀ। ਹੁਣ ਪਗੜੀਦਾਰੀ ਸਿੱਖਾਂ ਨੂੰ ਇਹ ਚੁਣਨ ਦਾ ਹੱਕ ਹੋਵੇਗਾ ਕਿ ਉਹ ਸੁਰੱਖਿਆ ਟੋਪੀ ਪਾਉਣ ਜਾਂ ਨਹੀਂ। ਹਾਲਾਂਕਿ ਹੰਗਾਮੀ ਸੇਵਾਵਾਂ ਤੇ ਫੌਜ ਨੂੰ ਇਸ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ।