ਦੱਖਣੀ ਚੀਨ ਸਾਗਰ 'ਤੇ ਵੀਅਤਨਾਮ ਅਤੇ ਚੀਨ 'ਚ ਚੱਲ ਰਿਹੈ ਵਿਵਾਦ

ਹਨੋਈ (ਰਾਇਟਰ) :

ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਗ਼ੈਰ-ਪ੍ਰੰਪਰਾਵਾਦੀ ਰੁਖ਼ 'ਤੇ ਕਾਇਮ ਹਨ। ਹੁਣ ਉਨ੍ਹਾਂ ਨੇ ਚੀਨ ਨੂੰ ਚਿੜ੍ਹਾਉਣ ਲਈ ਵੀਅਤਨਾਮ ਦੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੈ ਅਤੇ ਦੋਨੋਂ ਦੇਸ਼ਾਂ 'ਚ ਮਜ਼ਬੂਤ ਰਿਸ਼ਤੇ ਕਾਇਮ ਹੋਣ ਦੇ ਪ੍ਰਤੀ ਭਰੋਸਾ ਪ੍ਰਗਟਾਇਆ ਹੈ। ਜ਼ਿਕਰਯੋਗ ਹੈ ਕਿ ਦੱਖਣੀ ਚੀਨ ਸਾਗਰ ਵਿਵਾਦ 'ਚ ਵੀਅਤਨਾਮ ਦੀ ਵੀ ਗੁਆਂਢੀ ਚੀਨ ਨਾਲ ਤਨਾਤਨੀ ਚੱਲ ਰਹੀ ਹੈ। ਜ਼ਾਹਿਰ ਹੈ ਟਰੰਪ ਦੇ ਤਾਜ਼ਾ ਰੁਖ਼ ਨੇ ਚੀਨ ਦੀ ਚਿੰਤਾ ਨੂੰ ਹੋਰ ਵਧਾਇਆ ਹੈ। ਇਸ ਤੋਂ ਪਹਿਲਾਂ ਤਾਇਵਾਨ ਦੀ ਰਾਸ਼ਟਰਪਤੀ ਨਾਲ ਗੱਲ ਕਰਕੇ ਟਰੰਪ ਚੀਨ ਨੂੰ ਪਰੇਸ਼ਾਨ ਕਰ ਚੁੱਕੇ ਹਨ।

ਬੁੱਧਵਾਰ ਨੂੰ ਟੈਲੀਫੋਨ 'ਤੇ ਹੋਈ ਗੱਲਬਾਤ 'ਚ ਵੀਅਤਨਾਮ ਦੇ ਪ੍ਰਧਾਨ ਮੰਤਰੀ ਗੁਈਨ ਜੁਆਨ ਫੱੁਕ ਨੇ ਟਰੰਪ ਨੂੰ ਚੋਣਾਂ 'ਚ ਜਿੱਤ ਲਈ ਵਧਾਈ ਦਿੱਤੀ ਅਤੇ ਦੋਨੋਂ ਦੇਸ਼ਾਂ 'ਚ ਸਹਿਯੋਗ ਵਧਾਉਣ ਦੀ ਇੱਛਾ ਪ੍ਰਗਟ ਕੀਤੀ। ਜਵਾਬ 'ਚ ਟਰੰਪ ਨੇ ਆਪਸੀ ਸਹਿਯੋਗ ਵਧਾ ਕੇ ਵੀਅਤਨਾਮ ਦੇ ਵਿਕਾਸ ਦੀ ਇੱਛਾ ਪ੍ਰਗਟਾਈ। ਟਰੰਪ ਦੀ ਜਿੱਤ ਦੇ ਬਾਅਦ ਫੁੱਕ ਨੇ ਆਪਣੇ ਦੇਸ਼ ਦੀ ਸੰਸਦ 'ਚ ਅਮਰੀਕਾ ਦੇ ਨਾਲ ਸਬੰਧ ਬਿਹਤਰ ਹੋਣ ਦੀ ਉਮੀਦ ਪ੍ਰਗਟਾਈ ਸੀ। ਏਸ਼ੀਆ 'ਚ ਸ਼ਾਂਤੀ ਬਣੀ ਰਹਿਣ ਲਈ ਵੀਅਤਨਾਮ ਇਥੇ ਅਮਰੀਕਾ ਦਾ ਦਖਲ ਚਾਹੁੰਦਾ ਹੈ। ਵੀਅਤਨਾਮ ਦਾ ਹਮਾਇਤੀ ਰੁਖ਼ ਦੇਖਦੇ ਹੋਏ ਹੀ ਅਮਰੀਕਾ ਨੇ ਇਸ ਸਾਲ ਮਈ 'ਚ ਉਸ ਨੂੰ ਹਥਿਆਰ ਵੇਚਣ 'ਤੇ ਲੱਗੀ ਪਾਬੰਦੀ ਨੂੰ ਪੂਰੀ ਤਰ੍ਹਾਂ ਨਾਲ ਹਟਾ ਲਿਆ ਸੀ। ਨਾਲ ਹੀ ਆਰਥਿਕ ਸੰਪਰਕ ਵਧਾਉਣ ਅਤੇ ਫ਼ੌਜੀ ਅਭਿਆਸ ਕਰਨ ਦਾ ਵੀ ਫ਼ੈਸਲਾ ਕੀਤਾ ਸੀ। ਜ਼ਿਕਰਯੋਗ ਹੈ ਕਿ ਚੀਨ ਅਤੇ ਵੀਅਤਨਾਮ ਦਰਮਿਆਨ ਜੰਗ ਅਤੇ ਸਰਹੱਦ 'ਤੇ ਟਕਰਾਅ ਦਾ ਲੰਬਾ ਇਤਿਹਾਸ ਰਿਹਾ ਹੈ।