-ਆਈਐੱਮਐੱਫ ਮੁਖੀ ਲੇਗਾਰਡ ਨੇ ਕਿਹਾ, ਵਿੱਤੀ ਮਦਦ ਪਾਉਣ ਲਈ ਪਾਰਦਰਸ਼ਤਾ ਜ਼ਰੂਰੀ

ਨੁਸਾ ਦੁਆ (ਇੰਡੋਨੇਸ਼ੀਆ) (ਆਈਏਐੱਨਐੱਸ) : ਆਰਥਿਕ ਬਦਹਾਲੀ ਤੋਂ ਉਭਰਨ ਲਈ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ) ਵੱਲ ਝਾਕ ਰਹੇ ਪਾਕਿਸਤਾਨ ਨੂੰ ਵਿੱਤੀ ਮਦਦ ਪਾਉਣਾ ਆਸਾਨ ਨਹੀਂ ਹੋਵੇਗਾ। ਇਸ ਵਿਸ਼ਵ ਪੱਧਰੀ ਸੰਸਥਾ ਦੀ ਪ੍ਰਬੰਧ ਨਿਰਦੇਸ਼ਕ ਿਯਸਟੀਨ ਲੇਗਾਰਡ ਨੇ ਵੀਰਵਾਰ ਨੂੰ ਸਪੱਸ਼ਟ ਕੀਤਾ ਕਿ ਆਰਥਿਕ ਮਦਦ ਪਾਉਣ ਲਈ ਪਾਕਿਸਤਾਨ ਨੂੰ ਆਪਣੇ ਪੁਰਾਣੇ ਕਰਜ਼ੇ ਦੇ ਬਾਰੇ ਵਿਚ ਪੂਰੀ ਤਰ੍ਹਾਂ ਪਾਰਦਰਸ਼ੀ ਹੋਣਾ ਹੋਵੇਗਾ। ਪਾਕਿਸਤਾਨ 'ਤੇ ਚੀਨ ਦਾ ਭਾਰੀ ਕਰਜ਼ਾ ਹੈ। ਉਸ ਨੂੰ ਜ਼ਿਆਦਾਤਰ ਕਰਜ਼ਾ ਚੀਨ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਤਹਿਤ ਮਿਲਿਆ ਹੈ। ਇਸੇ ਪ੍ਰਾਜੈਕਟ ਤਹਿਤ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀਪੀਈਸੀ) ਦਾ ਨਿਰਮਾਣ ਕੀਤਾ ਜਾ ਰਿਹਾ ਹੈ।

ਇੰਡੋਨੇਸ਼ੀਆ ਦੇ ਬਾਲੀ ਟਾਪੂ ਵਿਚ ਆਈਐੱਮਐੱਫ ਅਤੇ ਵਿਸ਼ਵ ਬੈਂਕ ਦੀ ਸਾਲਾਨਾ ਬੈਠਕ ਵਿਚ ਲੇਗਾਰਡ ਨੇ ਕਿਹਾ ਕਿ ਸਾਨੂੰ ਇਕ ਖ਼ਾਸ ਦੇਸ਼ ਤੋਂ ਲਏ ਗਏ ਕਰਜ਼ੇ ਦੀ ਪ੍ਰਿਯਤੀ, ਆਕਾਰ ਅਤੇ ਸ਼ਰਤਾਂ ਨੂੰ ਪੂਰੀ ਤਰ੍ਹਾਂ ਸਮਝਣ ਅਤੇ ਪਾਰਦਰਸ਼ਤਾ ਦੀ ਲੋੜ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਜ਼ਾਹਿਰ ਹੁੰਦਾ ਹੈ ਕਿ ਪਾਕਿਸਤਾਨ ਨੂੰ ਹਾਲ ਹੀ ਦੇ ਸਾਲਾਂ ਵਿਚ ਚੀਨ ਤੋਂ ਮਿਲੇ ਸਾਰੇ ਕਰਜ਼ੇ ਨੂੰ ਪੂਰੀ ਤਰ੍ਹਾਂ ਉਜਾਗਰ ਕਰਨ ਲਈ ਬੇਵੱਸ ਕੀਤਾ ਜਾ ਸਕਦਾ ਹੈ। ਪਾਕਿਸਤਾਨ ਦੇ ਵਿੱਤ ਮੰਤਰੀ ਅਸਦ ਉਮਰ ਨੇ ਬੀਤੇ ਸੋਮਵਾਰ ਨੂੰ ਕਿਹਾ ਸੀ ਕਿ ਆਈਐੱਮਐੱਫ ਤੋਂ ਬੇਲਆਊਟ ਪੈਕੇਜ ਦੀ ਮੰਗ ਕੀਤੀ ਜਾਵੇਗੀ। ਇਸ ਬਾਰੇ ਵਿਚ ਫ਼ੈਸਲਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪ੍ਰਧਾਨਗੀ ਵਾਲੀ ਉੱਚ ਪੱਧਰੀ ਮੀਟਿੰਗ ਵਿਚ ਕੀਤਾ ਗਿਆ।

ਇਨਸੈੱਟ

ਅੱਠ ਅਰਬ ਡਾਲਰ ਦਾ ਪੈਕੇਜ ਮੰਗ ਸਕਦੈ ਪਾਕਿਸਤਾਨ

'ਡਾਨ' ਅਖ਼ਬਾਰ ਅਨੁਸਾਰ ਪਾਕਿਸਤਾਨ ਆਰਥਿਕ ਪੈਕੇਜ ਦੇ ਤੌਰ 'ਤੇ ਆਈਐੱਮਐੱਫ ਤੋਂ ਅੱਠ ਅਰਬ ਡਾਲਰ (ਕਰੀਬ 59 ਹਜ਼ਾਰ ਕਰੋੜ ਰੁਪਏ) ਮੰਗ ਸਕਦਾ ਹੈ। ਇਹ ਮਦਦ ਦੇਣ ਲਈ ਆਈਐੱਮਐੱਫ ਪਾਕਿਸਤਾਨ ਦੇ ਸਾਹਮਣੇ ਸਖ਼ਤ ਸ਼ਰਤ ਰੱਖ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਦਰਾਮਦ ਅਤੇ ਕਰਜ਼ੇ ਦੇ ਭੁਗਤਾਨ ਦੀਆਂ ਲੋੜਾਂ ਪੂਰੀਆਂ ਕਰਨ ਲਈ 12 ਅਰਬ ਡਾਲਰ (ਕਰੀਬ 89 ਹਜ਼ਾਰ ਕਰੋੜ ਰੁਪਏ) ਦੀ ਲੋੜ ਹੈ।

ਅਮਰੀਕਾ ਆਈਐੱਮਐੱਫ ਨੂੰ ਕਰ ਚੁੱਕਾ ਹੈ ਆਗਾਹ

ਅਮਰੀਕਾ ਨੇ ਜੁਲਾਈ ਦੇ ਅਖ਼ੀਰ ਵਿਚ ਪਾਕਿਸਤਾਨ ਨੂੰ ਬੇਲਆਊਟ ਪੈਕੇਜ ਮੁਹੱਈਆ ਕਰਾਏ ਜਾਣ ਦੀਆਂ ਸੰਭਾਵਨਾਵਾਂ 'ਤੇ ਆਈਐੱਮਐੱਫ ਨੂੰ ਆਗਾਹ ਕੀਤਾ ਸੀ। ਟਰੰਪ ਪ੍ਰਸ਼ਾਸਨ ਨੇ ਕਿਹਾ ਸੀ ਕਿ ਚੀਨ ਦਾ ਕਰਜ਼ਾ ਮੋੜਨ ਲਈ ਪਾਕਿਸਤਾਨ ਦੀ ਨਵੀਂ ਸਰਕਾਰ ਨੂੰ ਬੇਲਆਊਟ ਪੈਕੇਜ ਨਾ ਦਿੱਤਾ ਜਾਵੇ।