ਕਰਾਚੀ (ਪੀਟੀਆਈ) : ਪਾਕਿਸਤਾਨ ਨੇ ਸਦਭਾਵਨਾ ਵਿਖਾਉਂਦੇ ਹੋਏ ਐਤਵਾਰ ਨੂੰ ਕਰਾਚੀ ਦੀ ਇਕ ਜੇਲ੍ਹ ਵਿਚ ਬੰਦ 68 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ। ਇਨ੍ਹਾਂ 'ਤੇ ਨਾਜਾਇਜ਼ ਰੂਪ ਨਾਲ ਪਾਕਿਸਤਾਨ ਦੇ ਪਾਣੀਆਂ ਵਿਚ ਦਾਖਲ ਹੋਣ ਦਾ ਦੋਸ਼ ਸੀ। ਰਿਹਾਅ ਕੀਤੇ ਗਏ ਮਛੇਰਿਆਂ ਨੂੰ ਰੇਲਗੱਡੀ ਰਾਹੀਂ ਲਾਹੌਰ ਰਵਾਨਾ ਕੀਤਾ ਗਿਆ ਹੈ ਜਿਥੋਂ ਉਨ੍ਹਾਂ ਨੂੰ ਵਾਹਗਾ ਸਰਹੱਦ ਤਕ ਲੈ ਜਾਇਆ ਜਾਏਗਾ। ਵਾਹਗਾ ਵਿਚ ਉਨ੍ਹਾਂ ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਜਾਏਗਾ।

ਸਿੰਧ ਸੂਬੇ ਦੇ ਗ੍ਰਹਿ ਵਿਭਾਗ ਦੇ ਅਧਿਕਾਰੀ ਨਸੀਮ ਸਿੱਦੀਕੀ ਨੇ ਐਤਵਾਰ ਨੂੰ ਦੱਸਿਆ ਕਿ ਸਾਨੂੰ ਗ੍ਰਹਿ ਵਿਭਾਗ ਤੋਂ ਸ਼ਨਿਚਰਵਾਰ ਨੂੰ ਮਛੇਰਿਆਂ ਨੂੰ ਛੱਡਣ ਦਾ ਆਦੇਸ਼ ਮਿਲਿਆ ਸੀ। ਮਛੇਰਿਆਂ ਨੂੰ ਪੂਰੀ ਸੁਰੱਖਿਆ ਵਿਚ ਰੇਲਵੇ ਸਟੇਸ਼ਨ ਲਿਜਾਇਆ ਗਿਆ ਜਿਥੋਂ 'ਈਦੀ ਫਾਊਂਡੇਸ਼ਨ' ਦੇ ਕਾਰਕੁੰਨਾਂ ਨੇ ਉਨ੍ਹਾਂ ਨੂੰ ਮਿਠਆਈਆਂ ਤੇ ਤੋਹਫ਼ੇ ਦਿੱਤੇ। ਘਰ ਜਾਣ ਦੀ ਖ਼ੁਸ਼ੀ ਮਛੇਰਿਆਂ ਦੇ ਚਿਹਰਿਆਂ 'ਤੇ ਸਾਫ਼ ਝਲਕ ਰਹੀ ਸੀ। ਇਸ ਸਾਲ ਜੁਲਾਈ ਵਿਚ ਵੀ ਕਰਾਚੀ ਦੀ ਜੇਲ੍ਹ ਤੋਂ 78 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਗਿਆ ਸੀ। ਨਸੀਮ ਨੇ ਦੱਸਿਆ ਕਿ ਜੇਲ੍ਹ ਵਿਚ ਅਜੇ ਹੋਰ ਦੋ ਸੌ ਭਾਰਤੀ ਮਛੇਰੇ ਬੰਦ ਹਨ।