-ਵਿਦੇਸ਼ੀ ਪੱਤਰਕਾਰਾਂ ਨੂੰ ਪੁੰਗਯੇ-ਰੀ ਪਰਮਾਣੂ ਪ੍ਰੀਖਣ ਸਥਾਨ 'ਤੇ ਲਿਜਾਇਆ ਗਿਆ

ਸਿਓਲ (ਏਐੱਫਪੀ) : ਅਮਰੀਕਾ ਦੇ ਨਾਲ ਸਿਖਰ ਵਾਰਤਾ 'ਤੇ ਗਹਿਰਾਉਂਦੇ ਸੰਦੇਹ ਵਿਚਕਾਰ ਉੱਤਰੀ ਕੋਰੀਆ ਨੇ ਆਪਣੇ ਪਰਮਾਣੂ ਪ੍ਰੀਖਣ ਟਿਕਾਣੇ ਨੂੰ ਨਸ਼ਟ ਕਰਨ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਉਹ ਵਿਦੇਸ਼ੀ ਪੱਤਰਕਾਰਾਂ ਦੀ ਮੌਜੂਦਗੀ 'ਚ ਪੁੰਗਯੇ-ਰੀ ਪਰਮਾਣੂ ਪ੍ਰੀਖਣ ਟਿਕਾਣੇ ਨੂੰ ਖ਼ਤਮ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇਗਾ। ਇਸ ਖ਼ਾਸ ਮੌਕੇ ਨੂੰ ਕਵਰ ਕਰਨ ਲਈ ਬੁਲਾਏ ਗਏ ਵਿਦੇਸ਼ੀ ਪੱਤਰਕਾਰਾਂ ਨੂੰ ਬੁੱਧਵਾਰ ਨੂੰ ਉੱਤਰੀ ਕੋਰੀਆ ਦੇ ਪੂਰਬੀ ਤੱਟੀ ਇਲਾਕੇ ਵਿਚ ਸਥਿਤ ਇਸ ਪ੍ਰੀਖਣ ਸਥਾਨ 'ਤੇ ਲਿਜਾਇਆ ਗਿਆ।

ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੇ 27 ਅਪ੍ਰੈਲ ਨੂੰ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦੇ ਨਾਲ ਹੋਈ ਸਿਖਰ ਵਾਰਤਾ 'ਚ ਪਰਮਾਣੂੁ ਪ੍ਰੀਖਣ ਸਥਾਨ ਨੂੰ ਬੰਦ ਕਰਨ ਦਾ ਵਾਅਦਾ ਕੀਤਾ ਸੀ। ਇਸ ਨੂੰ ਅਗਲੇ ਦੋ-ਤਿੰਨ ਦਿਨਾਂ 'ਚ ਨਸ਼ਟ ਕਰ ਦਿੱਤਾ ਜਾਏਗਾ। ਉੱਤਰੀ ਕੋਰੀਆ ਦੇ ਇਸ ਕਦਮ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕਿਮ ਵਿਚਕਾਰ ਸਿੰਗਾਪੁਰ 'ਚ 12 ਜੂਨ ਨੂੰ ਪ੍ਰਸਤਾਵਿਤ ਸਿਖਰ ਵਾਰਤਾ ਤੋਂ ਪਹਿਲੇ ਸਦਭਾਵਨਾ ਦੇ ਰੂਪ 'ਚ ਵੇਖਿਆ ਜਾ ਰਿਹਾ ਹੈ। ਇਸ ਵਾਰਤਾ 'ਤੇ ਹਾਲਾਂਕਿ ਸੰਕਟ ਦੇ ਬੱਦਲ ਛਾਏ ਹੋਏ ਹਨ। ਉੱਤਰੀ ਕੋਰੀਆ ਨੇ ਕੁਝ ਦਿਨ ਪਹਿਲੇ ਕਿਹਾ ਸੀ ਕਿ ਪਰਮਾਣੂ ਨਿਸ਼ਸਤਰੀਕਰਨ ਲਈ ਅਮਰੀਕਾ ਵੱਲੋਂ ਇਕਤਰਫ਼ਾ ਦਬਾਅ ਬਣਾਏ ਜਾਣ 'ਤੇ ਉਹ ਇਸ ਨੂੰ ਰੱਦ ਕਰ ਦੇਵੇਗਾ। ਟਰੰਪ ਵੀ ਅਜਿਹੇ ਹੀ ਸੰਕੇਤ ਦੇ ਚੁੱਕੇ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਕਿਹਾ ਕਿ ਹੋ ਸਕਦਾ ਹੈ ਕਿ ਇਹ ਵਾਰਤਾ ਨਾ ਹੋਵੇ।

ਦੱਖਣੀ ਕੋਰੀਆ ਦੇ ਪੱਤਰਕਾਰਾਂ ਨੂੰ ਮਿਲੀ ਇਜਾਜ਼ਤ

ਦੱਖਣੀ ਕੋਰੀਆ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਨੇ ਆਖ਼ਰਕਾਰ ਦੱਖਣੀ ਕੋਰੀਆਈ ਪੱਤਰਕਾਰਾਂ ਨੂੰ ਵੀ ਪਰਮਾਣੂ ਟਿਕਾਣੇ ਨੂੰ ਨਸ਼ਟ ਕਰਨ ਦੀ ਘਟਨਾ ਨੂੰ ਕਵਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਪਹਿਲੇ ਉਸ ਨੇ ਦੱਖਣੀ ਕੋਰੀਆਈ ਪੱਤਰਕਾਰਾਂ ਨੂੰ ਇਜਾਜ਼ਤ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ।

ਪੁੰਗਯੇ-ਰੀ 'ਚ ਕੀਤੇ ਛੇ ਪਰਮਾਣੂ ਪ੍ਰੀਖਣ

ਪੰੁਗਯੇ-ਰੀ ਵਿਚ ਉੱਤਰੀ ਕੋਰੀਆ ਨੇ ਆਪਣੇ ਸਾਰੇ ਛੇ ਪਰਮਾਣੂ ਪ੍ਰੀਖਣਾਂ ਨੂੰ ਨੇਪਰੇ ਚਾੜਿ੍ਹਆ ਸੀ। ਉਸ ਨੇ ਬੀਤੇ ਸਾਲ ਸਤੰਬਰ 'ਚ ਛੇਵੀਂ ਵਾਰ ਪਰਮਾਣੂ ਪ੍ਰੀਖਣ ਕੀਤਾ ਸੀ। ਉਸ ਨੇ ਇਸ ਨੂੰ ਹਾਈਡ੍ਰੋਜਨ ਬੰਬ ਦਾ ਪ੍ਰੀਖਣ ਕਰਾਰ ਦਿੱਤਾ ਸੀ।