-ਮੁਸਲਮਾਨਾਂ ਦੇ ਵਿਰੋਧ ਕਾਰਨ ਸਰਕਾਰ ਨੇ ਫਿਲਹਾਲ ਟਾਲੀ ਯੋਜਨਾ

-ਇਸਲਾਮ ਦੇ ਵਧਦੇ ਪ੍ਰਭਾਵ ਨੂੰ ਰੋਕਣ ਖ਼ਿਲਾਫ਼ ਸਭ ਤੋਂ ਵੱਡਾ ਅੰਦੋਲਨ

ਬੀਜਿੰਗ (ਪੀਟੀਆਈ/ਰਾਇਟਰ) : ਚੀਨੀ ਅਧਿਕਾਰੀਆਂ ਨੇ ਉੱਤਰੀ ਪੱਛਮੀ ਇਲਾਕੇ 'ਚ ਇਕ ਨਵੀਂ ਬਣੀ ਮਸਜਿਦ ਨੂੰ ਤੋੜਨ ਦਾ ਇਰਾਦਾ ਫਿਲਹਾਲ ਕੁਝ ਦਿਨ ਲਈ ਟਾਲ ਦਿੱਤਾ ਹੈ। ਵੱਡੀ ਗਿਣਤੀ 'ਚ ਹੋਏ ਮੁਸਲਮਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਵੇਖਦੇ ਹੋਏ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। ਉਇਗਰ ਤੋਂ ਬਾਅਦ ਹੁਈ ਚੀਨ ਦਾ ਦੂਜਾ ਸਭ ਤੋਂ ਵੱਡਾ ਮੁਸਲਿਮ ਤਬਕਾ ਹੈ। ਦੇਸ਼ 'ਚ ਇਸਲਾਮ ਦੇ ਵੱਧਦੇ ਪ੍ਰਭਾਵ ਨੂੰ ਰੋਕਣ ਦੀ ਮੁਹਿੰਮ ਖ਼ਿਲਾਫ਼ ਇਹ ਹੁਣ ਤਕ ਦਾ ਸਭ ਤੋਂ ਵੱਡਾ ਅੰਦੋਲਨ ਮੰਨਿਆ ਜਾ ਰਿਹਾ ਹੈ। ਮੁਸਲਮਾਨਾਂ ਨੂੰ ਸਮਾਜ ਦੀ ਮੁੱਖ ਧਾਰਾ 'ਚ ਲਿਆਉਣ ਲਈ ਸਰਕਾਰ ਲਗਾਤਾਰ ਇਸਲਾਮੀ ਸਰਗਰਮੀਆਂ 'ਤੇ ਰੋਕ ਲਗਾਉਂਦੀ ਰਹਿੰਦੀ ਹੈ।

ਸ਼ੁੱਕਰਵਾਰ ਸਵੇਰ ਤੋਂ ਹੀ ਸੈਂਕੜੇ ਲੋਕ ਮਸਜਿਦ ਦੇ ਨੇੜੇ ਇਕੱਠੇ ਹੋਣ ਲੱਗੇ। ਉਹ ਇਸ ਨੂੰ ਡੇਗਣ ਦੀ ਯੋਜਨਾ ਦਾ ਵਿਰੋਧ ਕਰ ਰਹੇ ਸਨ। ਇਕ ਵਿਅਕਤੀ ਨੇ ਕਿਹਾ ਕਿ ਜੇਕਰ ਅਸੀਂ ਸਰਕਾਰੀ ਪ੍ਰਸਤਾਵ 'ਤੇ ਹਸਤਾਖਰ ਕਰ ਦਿੰਦੇ ਹਾਂ ਤਾਂ ਇਹ ਆਪਣੇ ਮਜ਼ਹਬ ਨਾਲ ਸਮਝੌਤਾ ਕਰਨਾ ਹੋਵੇਗਾ। ਮਸਜਿਦ ਦੇ ਨਿਰਦੇਸ਼ਕ ਡਿੰਗ ਜੇੇਜਿਓ ਨੇ ਕਿਹਾ ਕਿ ਮੈਂ ਇਸ ਮੱੁਦੇ 'ਤੇ ਕੋਈ ਗੱਲ ਨਹੀਂ ਕਰ ਸਕਦਾ। ਨਿੰਗਸਿਆ ਇਲਾਕੇ ਦੇ ਵੇਈ ਝੋਓ ਜਾਮਾ ਮਸਜਿਦ 'ਚ ਪ੍ਰਸ਼ਾਸਕ ਨੇ ਕਿਹਾ ਕਿ ਕਈ ਗੁੰਬਦਾਂ ਤੇ ਮੀਨਾਰਾਂ ਦੇ ਨਾਲ ਮੱਧ-ਪੂਰਬੀ ਸ਼ੈਲੀ 'ਚ ਬਣੀ ਇਸ ਮਸਜਿਦ ਦੀ ਉਸਾਰੀ ਤੋਂ ਪਹਿਲਾਂ ਇਜਾਜ਼ਤ ਨਹੀਂ ਲਈ ਗਈ ਸੀ। ਨੋਟਿਸ 'ਚ ਕਿਹਾ ਗਿਆ ਸੀ ਕਿ ਸ਼ੁੱਕਰਵਾਰ ਨੂੰ ਇਸ ਮਸਜਿਦ ਨੂੰ ਜ਼ਬਰਦਸਤੀ ਤੋੜਿਆ ਜਾਵੇਗਾ।

ਇਸ ਨੋਟਿਸ ਨਾਲ ਮੁਸਲਮਾਨ ਨਾਰਾਜ਼ ਹੋ ਗਏ। ਹਾਲਾਂਕਿ ਸਰਕਾਰ ਨੇ ਪ੍ਰਸਤਾਵ ਰੱਖਿਆ ਹੈ ਕਿ ਜੇਕਰ ਚੀਨੀ ਸ਼ੈਲੀ ਦੇ ਮੁਤਾਬਿਕ ਮਸਜਿਦ 'ਚ ਗੁੰਬਦ ਨੂੰ ਤੋੜ ਕੇ ਪੈਗੋਡਾ ਬਣਾ ਦਿੱਤਾ ਜਾਵੇ ਤਾਂ ਉਹ ਇਸ ਨੂੰ ਨਹੀਂ ਤੋੜੇਗੀ ਪਰ ਮਸਜਿਦ ਦੇ ਆਗੂ ਇਸ ਲਈ ਤਿਆਰ ਨਹੀਂ ਹੋਏ।