ਦੋ ਮਹੀਨੇ 'ਚ ਦੇਸੀ ਤਕਨੀਕ ਨਾਲ ਬਣਾਏ ਵੱਡੇ ਟਾਇਰ

ਬੈਲਿਸਟਿਕ ਮਿਜ਼ਾਈਲ ਲਿਜਾਉਣ ਲਈ ਵਰਤੇ ਇਹ ਟਾਇਰ

ਸਿਓਲ (ਏਪੀ) : ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੇ ਬਿਮਾਰ ਹੋਣ ਦੀ ਚਰਚਾ ਭਾਵੇਂ ਮੀਡੀਆ ਦੀ ਸੁਰਖੀ ਬਣਦੀ ਹੋਵੇ ਪ੍ਰੰਤੂ ਉਹ ਖ਼ੁਦ ਨੂੰ ਸਰਗਰਮ ਵਿਖਾ ਕੇ ਦੁਨੀਆ ਨੂੰ ਹੈਰਾਨ ਕਰਦੇ ਰਹਿੰਦੇ ਹਨ। ਤਾਜ਼ਾ ਮਾਮਲੇ ਵਿਚ ਕਿਮ ਜੋਂਗ ਉਸ ਕਾਰਖਾਨੇ ਵਿਚ ਪੁੱਜੇ ਜਿਥੇ ਵੱਡੀ ਅੰਤਰ ਮਹਾਦੀਪੀ ਬੈਲਿਸਟਿਕ ਮਿਜ਼ਾਈਲ ਲੈ ਜਾਣ ਵਾਲੇ ਵਾਹਨਾਂ ਦੇ ਟਾਇਰ ਬਣਦੇ ਹਨ। ਕਿਮ ਜੋਂਗ ਨੇ ਕਾਰਖਾਨੇ ਦੇ ਮੁਲਾਜ਼ਮਾਂ ਨੂੰ ਲਗਨ ਅਤੇ ਮਿਹਨਤ ਨਾਲ ਕੰਮ ਕਰਨ ਲਈ ਵਧਾਈ ਦਿੱਤੀ।

ਕਿਮ ਜੋਂਗ ਨੇ ਕਿਹਾ ਕਿ ਦੇਸ਼ ਦੇ ਇੰਨੇ ਸਮਰੱਥ ਹੋਣ ਵਿਚ ਉਨ੍ਹਾਂ ਦਾ ਵੀ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਨੌਂ ਐਕਸਲ ਵਾਲੇ ਟਰੱਕ ਲਈ ਵੱਡੇ ਆਕਾਰ ਦੇ ਟਾਇਰ ਦੇਸੀ ਤਕਨੀਕ ਨਾਲ ਬਣਾਉਣਾ ਛੋਟੀ ਗੱਲ ਨਹੀਂ ਹੈ। ਇਸ ਨਾਲ ਰੱਖਿਆ ਦੇ ਖੇਤਰ ਵਿਚ ਦੇਸ਼ ਦੀ ਕਾਬਲੀਅਤ ਵਧੀ ਹੈ ਅਤੇ ਅਰਥ-ਵਿਵਸਥਾ ਵਿਕਸਿਤ ਹੋਣ ਦੀ ਸੰਭਾਵਨਾ ਵੀ ਵਧੀ ਹੈ। ਕਿਮ ਜੋਂਗ ਨੇ ਅੰਨੋਕਗਾਂਗ ਟਾਇਰ ਫੈਕਟਰੀ ਨੂੰ ਵੱਡੇ ਟਾਇਰ ਬਣਾਉਣ ਦੀ ਜ਼ਿੰਮੇਵਾਰੀ ਸਤੰਬਰ ਵਿਚ ਸੌਂਪੀ ਸੀ। ਫੈਕਟਰੀ ਨੇ ਇਹ ਜ਼ਿੰਮੇਵਾਰੀ ਨਵੰਬਰ ਵਿਚ ਪੂਰੀ ਕਰ ਕੇ ਵਿਖਾ ਦਿੱਤੀ। ਬੀਤੇ ਮੰਗਲਵਾਰ ਨੂੰ ਉੱਤਰੀ ਕੋਰੀਆ ਨੇ ਹਵਾਸੋਂਗ-15 ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ ਜੋ 13,000 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਅਮਰੀਕੀ ਸ਼ਹਿਰਾਂ ਤਕ ਪੁੱਜ ਸਕਦੀ ਹੈ। ਇਸ ਤੋਂ ਪਹਿਲੇ ਸ਼ੁੱਕਰਵਾਰ ਨੂੰ ਹਵਾਸੋਂਗ-15 ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਸਫ਼ਲ ਹੋਣ 'ਤੇ ਲੋਕਾਂ ਨੇ ਸਰਵਜਨਿਕ ਰੂਪ ਵਿਚ ਨੱਚ ਗਾ ਕੇ ਅਤੇ ਆਤਿਸ਼ਬਾਜ਼ੀ ਕਰ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਸੀ। ਇਸ ਮੌਕੇ ਵੱਡੀ ਜਨਤਕ ਮੀਟਿੰਗ ਕਰ ਕੇ ਦੇਸ਼ ਦੇ ਆਗੂ ਕਿਮ ਜੋਂਗ ਉਨ ਅਤੇ ਹੋਰ ਵਿਗਿਆਨਕਾਂ ਦਾ ਧੰਨਵਾਦ ਕੀਤਾ ਗਿਆ ਸੀ।