-ਸਪੇਸਐਕਸ ਰਾਕਟ 'ਚ ਜਾਣ ਦੀ ਹੈ ਯੋਜਨਾ

-ਚੰਦਰਮਾ 'ਤੇ ਜਾਣ ਵਾਲੇ ਹੋਣਗੇ ਪਹਿਲੇ ਵਿਅਕਤੀ

ਲਾਸ ਏਂਜਲਸ (ਏਐੱਫਪੀ) :

ਜਾਪਾਨ ਦੇ ਅਰਬਪਤੀ ਯੁਸਾਕੂ ਮੇਇਜਾਵਾ ਸਪੇਸਐਕਸ ਦੇ ਬਿੱਗ ਫਾਲਕਨ ਰਾਕਟ (ਬੀਐੱਮਆਰ) 'ਤੇ ਸਵਾਰ ਹੋ ਕੇ ਚੰਦਰਮਾ ਦੀ ਸੈਰ ਕਰਨ ਵਾਲੇ ਪਹਿਲੇ ਵਿਅਕਤੀ ਹੋਣਗੇ। ਬੀਐੱਮਆਰ ਦਾ ਇਹ ਮਿਸ਼ਨ 2023 ਦੇ ਸ਼ੁਰੂਆਤ 'ਚ ਹੋਵੇਗਾ। ਆਨਲਾਈਨ ਫੈਸ਼ਨ ਟਾਇਕੂਨ ਅਤੇ ਕਲਾ ਪ੍ਰੇਮੀ ਮੇਇਜਾਵਾ ਨਾਲ ਵੱਖ-ਵੱਖ ਦੇਸ਼ਾਂ ਦੇ ਛੇ ਜਾਂ ਅੱਠ ਕਲਾਕਾਰ ਵੀ ਇਸ ਯਾਤਰਾ 'ਤੇ ਜਾ ਸਕਦੇ ਹਨ। ਸਾਲ 1972 'ਚ ਅਮਰੀਕਾ ਦੀ ਆਖਰੀ ਅਪੋਲੋ ਮੁਹਿੰਮ ਦੇ ਬਾਅਦ ਮੇਇਜਾਵਾ ਚੰਦਰਮਾ ਦੀ ਯਾਤਰਾ ਕਰਨ ਵਾਲੇ ਪਹਿਲੇ ਵਿਅਕਤੀ ਹੋਣਗੇ। ਅਪੋਲੋ ਮੁਹਿੰਮ ਦੌਰਾਨ ਨਾਸਾ ਦੇ ਕੁਲ 24 ਪੁਲਾੜ ਯਾਤਰੀਆਂ ਨੇ ਚੰਦਰਮਾ ਦੀ ਯਾਤਰਾ ਕੀਤੀ ਸੀ। ਇਨ੍ਹਾਂ 'ਚੋਂ ਨੀਲ ਆਰਮਸਟ੫ਾਂਗ ਸਮੇਤ 12 ਨੇ ਚੰਦਰਮਾ 'ਤੇ ਚਹਿਲਕਦਮੀ ਵੀ ਕੀਤੀ ਸੀ। ਆਰਮਸਟ੫ਾਂਗ ਚੰਦਰਮਾ 'ਤੇ ਸਭ ਤੋਂ ਪਹਿਲਾਂ ਉਤਰੇ ਸਨ?

ਮੇਇਜਾਵਾ ਨੇ ਆਪਣੀ ਇਸ ਯਾਤਰਾ ਲਈ ਐਲਨ ਮਸਕ ਦੀ ਕੰਪਨੀ ਸਪੇਸਐਕਸ ਨੂੰ ਵੱਡੀ ਰਕਮ ਚੁਕਾਈ ਹੈ। ਆਪਣੇ ਨਾਂ ਦੇ ਐਲਾਨ ਦੇ ਬਾਅਦ ਜਾਪਾਨ ਦੇ 18ਵੇਂ ਸਭ ਤੋਂ ਅਮੀਰ ਵਿਅਕਤੀ ਮੇਇਜਾਵਾ ਨੇ ਕਿਹਾ ਕਿ ਬਚਪਨ ਤੋਂ ਹੀ ਮੈਨੂੰ ਚੰਦਰਮਾ ਨਾਲ ਪਿਆਰ ਸੀ। ਚੰਦਰਮਾ ਦੀ ਯਾਤਰਾ ਕਰਨਾ ਮੇਰੇ ਜੀਵਨ ਦਾ ਸੁਪਨਾ ਹੈ। ਮਸਕ ਨੇ ਮੇਇਜਾਵਾ ਨੂੰ ਬਹਾਦਰ ਦੱਸਦੇ ਹੋਏ ਕਿਹਾ ਕਿ ਇਹ ਯਾਤਰਾ ਖ਼ਤਰਨਾਕ ਵੀ ਹੋ ਸਕਦੀ ਹੈ। ਇਹ ਪਾਰਕ 'ਚ ਟਹਿਲਣ ਵਰਗਾ ਨਹੀਂ ਹੈ।

ਪੁਲਾੜ 'ਚ ਸੈਰ ਕਰਨ ਵਾਲੇ ਪਹਿਲੇ ਸੈਲਾਨੀ ਸਨ ਡੈਨਿਸ ਟੀਟੋ

ਅਮਰੀਕੀ ਸਨਅਤਕਾਰ ਡੈਨਿਸ ਟੀਟੋ ਪੁਲਾੜ ਦੀ ਸੈਰ 'ਤੇ ਜਾਣ ਵਾਲੇ ਪਹਿਲੇ ਸੈਲਾਨੀ ਸਨ। 2001 'ਚ ਰੂਸੀ ਪੁਲਾੜ ਯਾਨ 'ਤੇ ਸਵਾਰ ਹੋ ਕੇ ਉਨ੍ਹਾਂ ਨੇ ਕੌਮਾਂਤਰੀ ਸਪੇਸ ਸਟੇਸ਼ਨ (ਆਈਐੱਸਐੱਸ) ਦੀ ਸੈਰ ਕੀਤੀ ਸੀ। ਇਸ ਲਈ ਉਨ੍ਹਾਂ ਨੇ ਦੋ ਕਰੋੜ ਡਾਲਰ (ਕਰੀਬ 140 ਕਰੋੜ ਰੁਪਏ) ਚੁਕਾਏ ਸਨ।

ਪੁਲਾੜ ਦੀ ਸੈਰ 'ਚ ਕਈ ਕੰਪਨੀਆਂ ਹੱਥ ਅਜ਼ਮਾਉਣ ਲਈ ਤਿਆਰ

ਬਰਤਾਨਵੀ ਟਾਈਕੂਨ ਰਿਚਰਡ ਬ੍ਰੈਨਸਨ ਦੀ ਵਰਜਿਨ ਗੈਲੇਕਟਿਕ ਅਤੇ ਅਮੇਜ਼ਨ ਦੇ ਸੰਸਥਾਪਕ ਜੈਫ ਬੇਜੋਸ ਦੀ ਬਲਿਊ ਆਰੀਜਨ ਵੀ ਲੋਕਾਂ ਨੂੰ ਪੁਲਾੜ ਯਾਤਰਾ ਕਰਾਉਣ ਦੀ ਸਹੂਲਤ ਦੇਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਇਨ੍ਹਾਂ ਦੋਨਾਂ ਦੇ ਇਲਾਵਾ ਰੂਸ ਅਤੇ ਚੀਨ ਦੀਆਂ ਕੰਪਨੀਆਂ ਵੀ ਇਸ ਕਾਰੋਬਾਰ 'ਚ ਸ਼ਾਮਿਲ ਹੋਣ ਦੀ ਤਿਆਰੀ ਕਰ ਰਹੀਆਂ ਹਨ।