-ਬਿੱਲ ਰਾਹੀਂ ਇਤਿਹਾਸ ਨੂੰ ਮੰਨਣ ਤੋਂ ਪੋਲੈਂਡ ਦਾ ਇਨਕਾਰ

-ਨਾਜ਼ੀ ਤਸੀਹਾ ਕੈਂਪਾਂ ਨੂੰ ਪੋਲੈਂਡ ਦਾ ਦੱਸਣਾ ਗ਼ੈਰਕਾਨੂੰਨੀ ਕਰਾਰ

ਯੇਰੂਸ਼ਲਮ (ਏਐੱਫਪੀ) : ਦੂਜੇ ਵਿਸ਼ਵ ਯੁੱਧ ਦੌਰਾਨ ਪੋਲੈਂਡ 'ਚ ਸਥਾਪਿਤ ਨਾਜ਼ੀ ਤਸੀਹਾ ਕੈਂਪਾਂ ਨੂੰ ਲੈ ਕੇ ਪੋਲੈਂਡ ਦੀ ਸਰਕਾਰ ਵੱਲੋਂ ਲਿਆਂਦੇ ਗਏ ਇਕ ਬਿੱਲ ਤੋਂ ਇਜ਼ਰਾਈਲ ਭੜਕ ਗਿਆ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪੋਲੈਂਡ 'ਤੇ ਦੋਸ਼ ਲਗਾਇਆ ਕਿ ਉਹ ਇਸ ਹੋਲੋਕਾਸਟ ਬਿੱਲ ਰਾਹੀਂ ਇਤਿਹਾਸ ਨੂੰ ਮੰਨਣ ਤੋਂ ਇਨਕਾਰ ਕਰ ਰਿਹਾ ਹੈ। ਬਿੱਲ 'ਚ ਯਹੂਦੀਆਂ ਦੇ ਕਤਲੇਆਮ ਨਾਲ ਜੁੜੇ ਇਨ੍ਹਾਂ ਕੈਂਪਾਂ ਨੂੰ ਪੋਲੈਂਡ ਦਾ ਦੱਸਣਾ ਗ਼ੈਰਕਾਨੂੰਨੀ ਐਲਾਨਿਆ ਗਿਆ ਹੈ।

ਨੇਤਨਯਾਹੂ ਨੇ ਸ਼ਨਿਚਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਇਹ ਬਿੱਲ ਆਧਾਰਹੀਣ ਹੈ। ਮੈਂ ਇਸ ਦਾ ਸਖ਼ਤੀ ਨਾਲ ਵਿਰੋਧ ਕਰਦਾ ਹਾਂ। ਕੋਈ ਇਤਿਹਾਸ ਨਹੀਂ ਬਦਲ ਸਕਦਾ ਅਤੇ ਹੋਲੋਕਾਸਟ (ਯਹੂਦੀਆਂ ਦਾ ਕਤਲੇਆਮ) ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ ਐਤਵਾਰ ਨੂੰ ਦੱਸਿਆ ਕਿ ਇਸ ਮਾਮਲੇ 'ਤੇ ਪੋਲੈਂਡ ਦੇ ਉਪ ਰਾਜਦੂਤ ਨੂੰ ਤਲਬ ਕਰ ਕੇ ਵਿਰੋਧ ਦਰਜ ਕਰਾਇਆ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਪੋਲੈਂਡ ਦਾ ਬਿੱਲ ਝੂਠਾ ਇਤਿਹਾਸ ਲਿਖਣ ਦਾ ਯਤਨ ਹੈ। ਯਹੂਦੀ ਲੋਕ ਅਤੇ ਇਜ਼ਰਾਈਲ ਇਸ ਨੂੰ ਕਦੀ ਸਵੀਕਾਰ ਨਹੀਂ ਕਰੇਗਾ। ਉਧਰ ਪੋਲੈਂਡ ਦੇ ਪ੍ਰਧਾਨ ਮੰਤਰੀ ਮਾਤਸੂਜ ਮੋਰਾਵਿਕੀ ਨੇ ਸ਼ਨਿਚਰਵਾਰ ਰਾਤ ਟਵਿੱਟਰ 'ਤੇ ਕਿਹਾ ਕਿ 'ਆਰਕਵਿਟਸ-ਬਿਰਕੇਨਾਓ' ਪੋਲਿਸ਼ ਨਾਂ ਨਹੀਂ ਹੈ। ਉੱਘੇ ਨਾਜ਼ੀ ਕੈਂਪ ਦੇ ਦਰਵਾਜ਼ੇ 'ਤੇ ਲਿਖੇ ਵਾਕ ਵੀ ਪੋਲਿਸ਼ ਨਹੀਂ ਹਨ। ਆਰਕਵਿਟਸ ਸਭ ਤੋਂ ਦੁੱਖਦਾਈ ਅਧਿਆਏ ਹੈ।

ਤਿੰਨ ਸਾਲ ਦੀ ਹੋ ਸਕਦੀ ਹੈ ਸਜ਼ਾ

ਪੋਲੈਂਡ ਦੀ ਦੱਖਣ ਪੰਥੀ ਬਹੁਮਤ ਵਾਲੀ ਸੰਸਦ 'ਚ ਸ਼ੁੱਕਰਵਾਰ ਨੂੰ ਇਸ ਬਿੱਲ ਨੂੰ ਪਾਸ ਕੀਤਾ ਗਿਆ। ਇਸ ਵਿਚ ਨਾਜ਼ੀ ਕੈਂਪਾਂ ਨੂੰ ਪੋਲੈਂਡ ਦਾ ਦੱਸਣ ਵਾਲੇ ਵਿਅਕਤੀ ਨੂੰ ਜੁਰਮਾਨਾ ਜਾਂ ਤਿੰਨ ਸਾਲ ਤਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।

ਕੈਂਪਾਂ 'ਚ ਮਾਰੇ ਗਏ ਸਨ 30 ਲੱਖ ਯਹੂਦੀ

ਦੂਜੇ ਵਿਸ਼ਵ ਯੁੱਧ ਦੌਰਾਨ ਹਿਟਲਰ ਦੀ ਅਗਵਾਈ 'ਚ ਜਰਮਨੀ ਨੇ ਪੋਲੈਂਡ 'ਤੇ ਕਬਜ਼ਾ ਕਰ ਲਿਆ ਸੀ। ਇਸ ਪਿੱਛੋਂ ਪੋਲੈਂਡ 'ਚ ਕੈਦੀਆਂ ਨੂੰ ਰੱਖਣ ਲਈ ਕਈ ਕੈਂਪ ਬਣਾਏ ਗਏ ਸਨ। ਇਨ੍ਹਾਂ ਕੈਂਪਾਂ 'ਚ ਰੱਖੇ ਗਏ ਲੋਕਾਂ ਨੂੰ ਤਸੀਹੇ ਪਿੱਛੋਂ ਜ਼ਹਿਰੀਲੀ ਗੈਸ ਛੱਡ ਕੇ ਮਾਰ ਦਿੱਤਾ ਜਾਂਦਾ ਸੀ। ਕਿਹਾ ਜਾਂਦਾ ਹੈ ਕਿ ਇਨ੍ਹਾਂ ਕੈਂਪਾਂ 'ਚ 30 ਲੱਖ ਯਹੂਦੀਆਂ ਸਮੇਤ ਪੋਲੈਂਡ ਦੇ 60 ਲੱਖ ਨਾਗਰਿਕਾਂ ਦਾ ਕਤਲੇਆਮ ਕੀਤਾ ਗਿਆ ਸੀ। ਇਕ ਦਿਨ ਪਹਿਲੇ ਹੀ ਸਭ ਤੋਂ ਉੱਘੇ ਕੈਂਪਾਂ 'ਚ ਸ਼ਾਮਿਲ ਆਰਕਵਿਟਸ ਦੀ ਆਜ਼ਾਦੀ ਦੀ 73ਵੀਂ ਵਰ੍ਹੇਗੰਢ ਮਨਾਈ ਗਈ ਸੀ। ਇਹ ਕੈਂਪ ਦੱਖਣੀ ਪੋਲੈਂਡ ਦੇ ਓਸਵੀਸਿਮ 'ਚ ਸਥਿਤ ਸੀ।