ਸੰਯੁਕਤ ਰਾਸ਼ਟਰ (ਪੀਟੀਆਈ) :

ਗੱਲਬਾਤ ਨਾਲ ਹੀ ਫਲਸਤੀਨ ਮਾਮਲੇ ਦਾ ਸਥਾਈ ਅਤੇ ਸ਼ਾਂਤੀਪੂਰਣ ਹੱਲ ਨਿਕਲ ਸਕਦਾ ਹੈ। ਫਲਸਤੀਨ 'ਚ ਸੁਰੱਖਿਆ ਦੇ ਵਿਗੜਦੇ ਹਾਲਾਤ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਭਾਰਤ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਮਹਾ ਸਭਾ 'ਚ ਇਹ ਗੱਲ ਕਹੀ। 'ਫਲਸਤੀਨ ਦਾ ਸਵਾਲ' ਵਿਸ਼ੇ 'ਤੇ ਸਾਲਾਨਾ ਚਰਚਾ ਦੌਰਾਨ ਉਪ ਸਥਾਈ ਪ੍ਰਤੀਨਿਧ ਤਨਮਏ ਲਾਲ ਨੇ ਕਿਹਾ ਕਿ ਭਾਰਤ ਦਾ ਦਿ੫ੜ੍ਹਤਾ ਨਾਲ ਮੰਨਣਾ ਹੈ ਕਿ ਇਸ ਸਮੱਸਿਆ ਦੇ ਨਿਆਂਸੰਗਤ, ਸਥਾਈ ਅਤੇ ਵਿਆਪਕ ਸ਼ਾਂਤੀਪੂਰਣ ਹੱਲ ਲਈ ਗੱਲਬਾਤ ਹੀ ਇਕੋ ਇਕ ਵਿਵਹਾਰਕ ਬਦਲ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਦੋਨੋਂ ਧਿਰਾਂ ਦਰਮਿਆਨ ਸ਼ਾਂਤੀਪੂਰਣ ਗੱਲਬਾਤ ਛੇਤੀ ਸ਼ੁਰੂ ਹੋਣ ਦੀ ਉਮੀਦ ਹੈ। ਉਮੀਦ ਹੈ ਕਿ ਇਸ ਲਈ ਦੋਨੋਂ ਧਿਰਾਂ ਜ਼ਰੂਰੀ ਸਿਆਸੀ ਇੱਛਾ ਸ਼ਕਤੀ ਦਿਖਾਉਣਗੀਆਂ। ਫਲਸਤੀਨੀ ਲੋਕਾਂ ਨਾਲ ਇਕਜੁੱਟਤਾ ਦੇ ਕੌਮਾਂਤਰੀ ਦਿਵਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਦੇਸ਼ ਦਾ ਹਵਾਲਾ ਦਿੰਦੇ ਹੋਏ ਲਾਲ ਨੇ ਫਲਸਤੀਨ ਪ੍ਰਤੀ ਭਾਰਤ ਦੀ ਹਮਾਇਤ ਦਾ ਇਜ਼ਹਾਰ ਕੀਤਾ। ਉਨ੍ਹਾਂ ਨੇ ਫਲਸਤੀਨ ਦੇ ਵਿਕਾਸ ਅਤੇ ਉਥੋਂ ਦੇ ਸ਼ਰਨਾਰਥੀਆਂ ਲਈ ਭਾਰਤ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਵੀ ਇਸ ਦੌਰਾਨ ਜ਼ਿਕਰ ਕੀਤਾ।