ਸੀਐਨਟੀ 700

- ਸਕੈਨਿਗ ਬਾਅਦ ਕੁੜੀ ਪੈਦਾ ਹੋਣ ਦੇ ਡਰ ਤੋਂ ਪ੍ਰੇਸ਼ਾਨ ਸੀ ਤੇ ਚਾਰ ਦਿਨ ਤੋਂ ਸੀ ਲਾਪਤਾ

ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ :

ਵਲਿੰਗਟਨ ਨੇੜੇ ਖੰਡਾਲਾ ਉਪਨਗਰ 'ਚ ਕੈਸ਼ਮੀਰ ਐਵਨਿਊ ਵਿਖੇ ਰਹਿੰਦੀ ਇਕ 26 ਸਾਲਾ ਭਾਰਤੀ ਮਹਿਲਾ ਸੋਨਮ ਸ਼ੈਲਰ (ਮੁੰਬਈ) ਦੀ ਅੱਜ ਪੁਲਿਸ ਨੂੰ ਵਾਇਰਾਰਾਪਾ ਬੀਚ ਤੋਂ ਲਾਸ਼ ਪ੍ਰਾਪਤ ਹੋਈ ਹੈ। ਉਸ ਦੇ ਪਤੀ ਸਾਗਰ ਸ਼ੈਲਰ ਨੇ ਸ਼ਨਿਚਰਵਾਰ ਨੂੰ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਉਹ ਆਪਣੀ ਪਤਨੀ ਨੂੰ ਸਵੇਰੇ 8.30 ਵਜੇ ਕੰਮ 'ਤੇ ਜਾਣ ਵੇਲੇ ਘਰ ਛੱਡ ਕੇ ਗਿਆ ਸੀ, ਦਿਨ ਵੇਲੇ ਉਸ ਨੇ ਜਦੋਂ ਉਸ ਨੂੰ ਫੋਨ ਕੀਤਾ ਤਾਂ ਫੋਨ ਬੰਦ ਆ ਰਿਹਾ ਸੀ। ਇਸ ਤੋਂ ਬਾਅਦ ਉਸ ਨੇ ਜਦੋਂ ਘਰ ਆ ਕੇ ਵੇਖਿਆ ਤਾਂ ਉਸ ਦੀ ਪਤਨੀ ਘਰੋਂ ਲਾਪਤਾ ਸੀ। ਪਤੀ ਅਨੁਸਾਰ ਉਹ ਸਿਰਫ਼ 20 ਡਾਲਰ ਹੀ ਲੈ ਕੇ ਗਈ ਹੋਵੇਗੀ ਅਤੇ ਦੋ ਫੋਨ ਉਸ ਦੇ ਕੋਲ ਹੋਣਗੇ। ਪੁਲਿਸ ਨੂੰ ਉਸ ਦੀ ਗੁੰਮਸ਼ੁਦਗੀ ਬਾਰੇ ਦੱਸਿਆ ਗਿਆ ਕਿ ਉਹ ਇਸ ਗੱਲ ਤੋਂ ਪ੍ਰੇਸ਼ਾਨ ਸੀ ਕਿ ਉਸ ਦੇ ਹੋਣ ਵਾਲਾ ਬੱਚਾ ਮੁੰਡਾ ਨਹੀਂ ਹੈ ਜਦਕਿ 15 ਨਵੰਬਰ ਨੂੰ ਹੀ ਕਰਵਾਈ ਅਲਟ੫ਾਸਾਊਂਡ ਸਕੈਨਿੰਗ 'ਚ ਅਜੇ ਡਾਕਟਰ ਵੱਲੋਂ ਸਪੱਸ਼ਟ ਵੀ ਨਹੀਂ ਕੀਤਾ ਗਿਆ ਸੀ। ਉਸ ਦੇ ਪਤੀ ਨੇ ਇਹ ਵੀ ਕਿਹਾ ਕਿ ਸਕੈਨਿਗ ਤੋਂ ਬਾਅਦ ਉਹ ਕਾਰ 'ਚ ਆ ਕੇ ਰੋਣ ਲੱਗ ਪਈ ਸੀ। ਇਹ ਮਹਿਲਾ 5 ਮਹੀਨਿਆਂ ਦੀ ਗਰਭਵਤੀ ਸੀ। ਪਤੀ ਨੇ ਪੁਲਿਸ ਨੂੰ ਜਾਣਕਾਰੀ ਦੱਸੀ ਸੀ ਕਿ ਉਸ ਦੀ ਪਤਨੀ ਦਾ ਸੁਪਨਾ ਸੀ ਕਿ ਉਸ ਦੇ ਹੋਣ ਵਾਲਾ ਬੱਚਾ ਸਿਰਫ਼ ਮੁੰਡਾ ਹੀ ਹੋਵੇ। ਦਸੰਬਰ ਮਹੀਨੇ ਹੀ ਇਸ ਦਾ ਵਿਆਹ ਹੋਇਆ ਸੀ ਅਤੇ ਅਪ੍ਰੈਲ ਮਹੀਨੇ ਉਹ ਭਾਰਤ ਤੋਂ ਇਥੇ ਆਈ ਸੀ। ਪੁਲਿਸ ਨੇ ਲਾਸ਼ ਪ੍ਰਾਪਤ ਕਰਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਉਸ ਦੇ ਪਤੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਕੈਪਸ਼ਨ : ਵਲਿੰਗਟਨ ਵਿਖੇ ਮਿ੍ਰਤਕ ਪਾਈ ਗਈ ਭਾਰਤੀ ਮਹਿਲਾ ਸੋਨਮ ਸ਼ੈਲਰ।