ਨਿਊਯਾਰਕ (ਪੀਟੀਆਈ) : ਫੋਰਬਸ ਦੀ ਸਾਲ 2017 'ਚ 30 ਸਾਲ ਤੋਂ ਘੱਟ ਉਮਰ ਦੇ ਸੁਪਰ ਅਚੀਵਰਸ ਦੀ ਸੂਚੀ 'ਚ ਭਾਰਤੀ ਮੂਲ ਦੇ 30 ਤੋਂ ਜ਼ਿਆਦਾ ਇਨੋਵੇਟਰਜ਼, ਉੱਦਮੀਆਂ ਅਤੇ ਲੀਡਰਾਂ ਨੂੰ ਥਾਂ ਮਿਲੀ ਹੈ ਜਿਨ੍ਹਾਂ ਨੇ ਦੁਨੀਆ 'ਚ ਬਦਲਾਅ ਲਿਆਉਣ ਲਈ ਯਤਨ ਕੀਤੇ।

ਇਸ ਸੂਚੀ 'ਚ ਹੈਲਥ ਕੇਅਰ, ਮੈਨੂਫੈਕਚਰਿੰਗ, ਸਪੋਰਟਸ ਤੇ ਫਾਈਨੈਂਸ ਸਮੇਤ 20 ਸਨਅਤਾਂ ਤੇ ਖੇਤਰਾਂ ਦੇ 30 ਭਾਰਤੀਆਂ ਨੇ ਥਾਂ ਬਣਾਈ ਹੈ। ਹਾਲਾਂਕਿ ਇਸ ਸੂਚੀ 'ਚ 600 ਲੋਕ ਸ਼ਾਮਲ ਹੈ। ਫੋਰਬਸ ਮੁਤਾਬਕ ਇਨ੍ਹਾਂ ਲੋਕਾਂ ਨੇ ਉੱਦਮਤਾ, ਮਨੋਰੰਜਨ, ਸਿੱਖਿਆ ਤੇ ਦੂਜੇ ਖੇਤਰਾਂ 'ਚ ਰਵਾਇਤੀ ਮੁਹਾਰਤ ਨੂੰ ਚੁਣੌਤੀ ਦਿੱਤੀ ਅਤੇ ਅਗਲੀ ਪੀੜ੍ਹੀ ਲਈ ਨਵੇਂ ਨਿਯਮ ਪੇਸ਼ ਕੀਤੇ। ਇਹ ਲੋਕ ਉਤਸ਼ਾਹੀ ਤੇ ਉਲਟੇ ਹਲਾਤਾਂ 'ਚ ਬਦਲਾਅ ਲਿਆਉਣ ਵਾਲੇ ਹਨ ਤਾਂ ਕਿ ਦੁਨੀਆ 'ਚ ਬਿਹਤਰੀ ਆ ਸਕੇ। ਉਨ੍ਹਾਂ ਨੇ ਦੁਨੀਆ ਦੇ ਮੌਜੂਦਾ ਹਲਾਤਾਂ 'ਚ ਬਦਲਾਅ ਲਿਆਉਣ ਲਈ ਆਪਣੇ ਟੀਚੇ ਤੈਅ ਕੀਤੇ ਅਤੇ ਉਨ੍ਹਾਂ ਨੂੰ ਹਾਸਲ ਕੀਤਾ।

ਇਸ ਸੂਚੀ 'ਚ ਥਾਂ ਪਾਉਣ ਵਾਲਿਆਂ 'ਚ ਨਿਓ ਲਾਈਟ ਦੇ ਕੋ-ਫਾਊਂਡਰ 27 ਸਾਲਾਂ ਵਿਵੇਕ ਕੋਪਾਰਥੀ ਵੀ ਹੈ। ਉਨ੍ਹਾਂ ਦੀ ਕੰਪਨੀ ਨੇ ਫੋਟੋਥਰੈਪੀ ਡਿਵਾਈਸ ਬਣਾਈ ਹੈ ਜੋ ਪੀਲੀਏ ਦੀ ਬਿਮਾਰੀ ਲਈ ਘਰਾਂ 'ਚ ਵਰਤੇ ਜਾਣ ਵਾਲੀ ਯੋਗ ਪੋਰਟੇਬਲ ਡਿਵਾਈਸ ਹੈ। ਉਨ੍ਹਾਂ ਦੀ ਕੰਪਨੀ ਨਵਜੰਮੇ ਬੱਚਿਆਂ 'ਚ ਹਾਈਪੋਥੈਰੇਮਿਆ ਦੇ ਇਲਾਜ ਲਈ ਵੀ ਡਿਵਾਇਸ ਬਣਾਉਣ ਦੀ ਕੋਸ਼ਿਸ ਕਰ ਰਹੀ ਹੈ।

27 ਸਾਲਾ ਪ੍ਰਾਰਥਨਾ ਦੇਸਾਈ ਨੇ ਆਪਣਾ ਹਾਰਵਰਡ ਗ੍ਰੈਜੂਏਟ ਸਕੂਲ ਪ੍ਰੋਗਰਾਮ ਵਿਚਾਲੇ ਹੀ ਛੱਡ ਦਿੱਤਾ ਤਾਂ ਕਿ ਉਹ ਵਿਕਾਸਸ਼ੀਲ ਦੇਸ਼ਾਂ 'ਚ ਲੋਕਾਂ ਤਕ ਦਵਾਈਆਂ ਪਹੁੰਚਾਉਣ ਵਾਲੇ ਡਰੋਨ ਦੀ ਵਰਤੋਂ ਸ਼ੁਰੂ ਕਰ ਸਕੇ। ਹੈਲਥ ਕੇਅਰ ਕੰਪਨੀ ਜਿਪਲਾਈਨ 'ਚ ਉਹ ਰਵਾਂਡਾ 'ਚ ਹੈਲਥ ਕੇਅਰ ਲਈ ਦਵਾਈਆਂ ਡਰੋਨ ਡਿਵਾਈਸ ਨਾਲ ਪਹੁੰਚਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਅਗਵਾਈ ਦੇ ਰਹੀ ਹੈ।

ਸੂਚੀ 'ਚ ਸਥਾਨ ਵਾਲੇ 28 ਸਾਲਾ ਸ਼ਾਊਨ ਪਟੇਲ ਹਾਰਵਰਡ ਮੈਡੀਕਲ ਸਕੂਲ 'ਚ ਆਰਥੋਪੈਡਿਕ ਸਰਜਰੀ ਚੀਫ ਰੈਜੀਡੈਂਟ ਹੈ। ਉਨ੍ਹਾਂ ਨੇ ਸਰਜਰੀ ਜਨਰਲਾਂ 'ਚ ਦਰਜਨਾਂ ਲੇਖ ਲਿਖੇ ਹਨ। ਉਨ੍ਹਾਂ ਦੀ ਕੰਪਨੀ ਆਰਥੋਨਿੰਜਾ ਇਕ ਮੋਬਾਈਲ ਐਪ ਰਾਹੀਂ ਡਾਕਟਰਾਂ ਵਿਚਾਲੇ ਸੰਵਾਦ ਨੂੰ ਸੁਚਾਰੂ ਕਰਦੀ ਹੈ। ਇਸ ਐਪ ਰਾਹੀਂ ਡਾਕਟਰ ਇਕ-ਦੂਜੇ ਨਾਲ ਸਲਾਹ ਕਰ ਸਕਦੇ ਹਨ।

ਮਹਿਜ਼ 17 ਸਾਲਾ ਰੋਹਨ ਸੂਰੀ ਨੇ ਏਵੇਰਿਆ ਹੈਲਥ ਸਲਿਊਸ਼ਨਜ਼ ਨਾਂ ਦੀ ਕੰਪਨੀ ਸਥਾਪਤ ਕੀਤੀ ਹੈ। ਇਸ ਕੰਪਨੀ ਨੇ ਬਿਹਤਰ ਕੰਕਿਊਜ਼ਨ (ਵਾਈਪ੍ਰੇਸ਼ਨ) ਟੈਸਟ ਵਿਕਸਿਤ ਕੀਤਾ ਹੈ। ਲਾਅ ਤੇ ਪਾਲਿਸੀ ਕੈਟਾਗਿਰੀ 'ਚ 27 ਸਾਲਾ ਵਰੁਣ ਸ਼ਿਵਰਾਮ ਮੁੱਖ ਥਿੰਕਟੈਂਕ ਕੌਂਸਲ ਆਨ ਫਾਰੇਨ ਰਿਲੇਸ਼ਨਜ਼ 'ਚ ਐਕਟਿੰਗ ਡਾਇਰੈਕਟਰ ਹਨ ਅਤੇ ਐਨਰਜੀ ਸਿਕਓਰਿਟੀ ਅਤੇ ਕਲਾਈਮੇਟ ਚੇਂਜ 'ਤੇ ਕੰਮ ਕਰਦੇ ਹਨ। ਸ਼ਿਵਰਾਮ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਪੀਐੱਚਡੀ ਕੀਤੀ ਸੀ। ਉਹ ਸਟੈਨਫੋਰਡ ਦੇ ਐਨਰਜੀ ਤੇ ਵਾਤਾਵਰਨ ਸੰਸਥਾਵਾਂ ਦੇ ਬੋਰਡ ਮੈਂਬਰ ਹੈ।