ਕਰਾਚੀ (ਪੀਟੀਆਈ) : ਪਾਕਿਸਤਾਨ ਨੇ ਆਪਣੀਆਂ ਜੇਲ੍ਹਾਂ 'ਚ ਬੰਦ 219 ਭਾਰਤੀ ਮਛੇਰਿਆਂ ਨੂੰ ਅੱਜ ਰਿਹਾਅ ਕਰ ਦਿੱਤਾ। ਇਨ੍ਹਾਂ ਮਛੇਰਿਆਂ 'ਤੇ ਪਾਕਿਸਤਾਨੀ ਪਾਣੀਆਂ 'ਚ ਦਾਖਲ ਹੋ ਕੇ ਮੱਛੀਆਂ ਫੜਨ ਦਾ ਦੋਸ਼ ਸੀ। ਪਿਛਲੇ 10 ਦਿਨਾਂ 'ਚ ਪਾਕਿਸਤਾਨ ਵੱਲੋਂ ਰਿਹਾਅ ਕੀਤੇ ਗਏ ਭਾਰਤੀ ਮਛੇਰਿਆਂ ਦੀ ਗਿਣਤੀ ਹੁਣ 439 ਹੋ ਗਈ ਹੈ।

ਜੇਲ੍ਹ ਸੁਪਰਡੈਂਟ ਹਸਨ ਸੇਹਤੋ ਨੇ ਦੱਸਿਆ ਕਿ ਪਾਕਿਸਤਾਨ ਦੀ ਮਾਲਿਰ ਜੇਲ੍ਹ ਤੋਂ 219 ਭਾਰਤੀ ਮਛੇਰਿਆਂ ਨੂੰ ਵੀਰਵਾਰ ਨੂੰ ਰਿਹਾਅ ਕਰ ਦਿੱਤਾ ਗਿਆ। ਅਜਿਹਾ ਪਾਕਿਸਤਾਨ ਦੇ ਗ੍ਰਹਿ ਮੰਤਰੀ ਦੇ ਆਦੇਸ਼ 'ਤੇ ਕੀਤਾ ਗਿਆ ਹੈ। ਸੇਹਤੋ ਨੇ ਦੱਸਿਆ ਕਿ ਭਾਰਤੀ ਮਛੇਰਿਆਂ ਨੂੰ ਵਾਹਗਾ ਸਰਹੱਦ 'ਤੇ ਭਾਰਤੀ ਅਧਿਕਾਰੀਆਂ ਨੂੰ ਸੌਂਪਿਆ ਜਾਏਗਾ। ਲਗਪਗ 110 ਭਾਰਤੀ ਮਛੇਰੇ ਅਜੇ ਵੀ ਕਰਾਚੀ ਦੀ ਲਾਂਧੀ ਜੇਲ੍ਹ 'ਚ ਬੰਦ ਹਨ।

ਪਿਛਲੇ ਸਾਲ ਉੜੀ 'ਚ ਹੋਏ ਅੱਤਵਾਦੀ ਹਮਲੇ ਪਿੱਛੋਂ ਭਾਰਤ-ਪਾਕਿਸਤਾਨ ਵਿਚਕਾਰ ਤਣਾਅਪੂਰਣ ਸਬੰਧਾਂ ਦੇ ਬਾਵਜੂਦ ਪਾਕਿਸਤਾਨ ਨੇ ਆਪਣੀਆਂ ਜੇਲ੍ਹਾਂ ਤੋਂ ਦੂਸਰੇ ਪੜਾਅ 'ਚ ਭਾਰਤੀ ਮਛੇਰਿਆਂ ਨੂੰ ਦੇਸ਼ ਭੇਜਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲੇ 25 ਦਸੰਬਰ ਨੂੰ ਪਾਕਿਸਤਾਨ ਸਰਕਾਰ ਨੇ 220 ਭਾਰਤੀ ਮਛੇਰਿਆਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਸੀ। ਉਸੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਸੀ।