- ਵਿਦੇਸ਼ ਮੰਤਰੀ ਨੇ ਕਿਹਾ, ਆਸੀਆਨ ਦੇਸ਼ਾਂ ਨਾਲ ਮਜ਼ਬੂਤ ਹੁੰਦੇ ਸਬੰਧਾਂ 'ਚ ਭਾਰਤੀ ਪਰਵਾਸੀ ਮੁਹੱਈਆ ਕਰ ਰਹੇ ਮੰਚ

ਸਿੰਗਾਪੁਰ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਐਤਵਾਰ ਨੂੰ ਇੱਥੇ ਆਸੀਆਨ (ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਦਾ ਸੰਗਠਨ) ਦੇਸ਼ਾਂ ਪ੫ਤੀ ਭਾਰਤ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਭਾਰਤ ਦਾ ਆਸੀਆਨ ਦੇਸ਼ਾਂ ਨਾਲ ਸੰਵਾਦ ਰਣਨੀਤਕ ਭਾਈਵਾਲੀ 'ਚ ਵਿਕਸਿਤ ਹੋ ਗਿਆ ਹੈ। ਭਾਰਤੀ ਪਰਵਾਸੀ ਇਨ੍ਹਾਂ ਦੇਸ਼ਾਂ ਨਾਲ ਮਜ਼ਬੂਤ ਹੁੰਦੇ ਸਬੰਧਾਂ ਲਈ ਮੰਚ ਮੁਹੱਈਆ ਕਰਵਾ ਰਹੇ ਹਨ।

ਤਿੰਨ ਦੇਸ਼ਾਂ ਦੀ ਯਾਤਰਾ ਦੇ ਆਖ਼ਰੀ ਪੜਾਅ 'ਤੇ ਸੁਸ਼ਮਾ ਐਤਵਾਰ ਨੂੰ ਇੱਥੇ ਆਸੀਆਨ ਪਰਵਾਸੀ ਭਾਰਤੀ ਦਿਵਸ ਨੂੰ ਸੰਬੋਧਿਤ ਕਰ ਰਹੇ ਸਨ। ਭਾਰਤ-ਆਸੀਆਨ ਭਾਈਵਾਲੀ ਦੇ 25 ਸਾਲ ਦੇ ਸਫ਼ਰ ਨੂੰ ਮੀਲ ਦਾ ਪੱਥਰ ਕਰਾਰ ਦਿੰਦਿਆਂ ਸੁਸ਼ਮਾ ਨੇ ਕਿਹਾ, 'ਸਾਡੇ ਵਿਚਕਾਰ ਸੰਵਾਦ ਸਾਂਝੀਦਾਰੀ ਇਕ ਰਣਨੀਤਕ ਹਿੱਸੇਦਾਰੀ 'ਚ ਬਦਲ ਗਈ ਹੈ। ਆਸੀਆਨ ਖੇਤਰ ਦੇ ਨਾਲ ਭਾਰਤ ਦਾ ਸਬੰਧ ਸਪਸ਼ਟਤਾ ਦੇ ਸਿਧਾਂਤ 'ਤੇ ਅਧਾਰਿਤ ਹੈ।' ਵਿਦੇਸ਼ ਮੰਤਰੀ ਨੇ ਭਾਰਤ ਦੀ ਤਰੱਕੀ 'ਚ ਦੇਸ਼ ਦੇ ਸੂਬਿਆਂ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦੀ ਤਰੱਕੀ ਤੇ ਦੁਨੀਆ ਨਾਲ ਬਿਹਤਰ ਹੰੁਦੇ ਆਰਥਿਕ ਸਬੰਧਾਂ 'ਚ ਸੂਬੇ ਅਹਿਮ ਭੂਮਿਕਾ ਨਿਭਾਉਂਦੇ ਹਨ। ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਦੀ ਮੌਜੂਦਗੀ ਦਾ ਜ਼ਿਕਰ ਕਰਦਿਆਂ ਸਵਰਾਜ ਨੇ ਕਿਹਾ ਕਿ ਪੂਰਬ ਉੱਤਰ ਦੇ ਸੂਬੇ ਅੱਗੇ ਵਧਣਗੇ ਤੇ ਦੱਖਣੀ ਪੂਰਬ ਏਸ਼ੀਆ ਵਿਚਕਾਰ ਪੁਲ ਦਾ ਕੰਮ ਕਰਨਗੇ। ਸਮਾਂ ਆ ਗਿਆ ਹੈ ਕਿ ਭਾਰਤ ਤੇ ਦੱਖਣੀ ਪੂਰਬ ਏਸ਼ੀਆ ਆਪਣੇ ਲੋਕਾਂ ਦੀ ਖ਼ੁਸ਼ਹਾਲੀ ਤੇ ਨਵੀਂ ਪੀੜ੍ਹੀ ਲਈ ਭਵਿੱਖ ਯਕੀਨੀ ਕਰਨ ਲਈ ਮਿਲ ਕੇ ਕੰਮ ਕਰਨ।

ਭਾਰਤ-ਆਸੀਆਨ ਸੰਮੇਲਨ ਦਿੱਲੀ 'ਚ

ਭਾਰਤ-ਆਸੀਆਨ ਵਿਚਕਾਰ ਭਾਈਵਾਲੀ ਦੀ 25ਵੀਂ ਵਰ੍ਹੇਗੰਢ ਦੇ ਮੌਕੇ 'ਤੇ ਨਵੀਂ ਦਿੱਲੀ 'ਚ 25 ਜਨਵਰੀ ਨੂੰ ਇਕ ਸੰਮੇਲਨ ਹੋਣ ਜਾ ਰਿਹਾ ਹੈ। ਇਸ 'ਚ ਸਾਰੇ ਆਸੀਆਨ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ। ਉਹ ਪਹਿਲੀ ਵਾਰ ਗਣਤੰਤਰ ਦਿਵਸ ਸਮਾਰੋਹ 'ਚ ਸਮੂਹਿਕ ਤੌਰ 'ਤੇ ਮੌਜੂਦ ਵੀ ਰਹਿਣਗੇ।

ਆਸੀਆਨ ਦੇ ਇਹ ਹਨ ਮੈਂਬਰ

ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ੰਸ (ਆਸੀਆਨ) ਦਾ ਗਠਨ 1967 'ਚ ਹੋਇਆ ਸੀ। ਬਰੁਨੇਈ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਂਮਾਰ, ਫਿਲਪੀਨ, ਸਿੰਗਾਪੁਰ, ਥਾਈਲੈਂਡ ਤੇ ਵੀਅਤਨਾਮ ਇਸ ਦੇ ਸੰਸਥਾਪਕ ਮੈਂਬਰ ਹਨ।