ਵਾਸ਼ਿੰਗਟਨ (ਪੀਟੀਆਈ) : ਡੋਨਾਲਡ ਟਰੰਪ ਦੇ ਸ਼ਾਸਨ 'ਚ ਭਾਰਤ-ਅਮਰੀਕੀ ਸਬੰਧ ਖੇਤਰੀ ਸੁਰੱਖਿਆ, ਵਪਾਰ, ਅਰਥ-ਵਿਵਸਥਾ ਤੋਂ ਲੈ ਕੇ ਅੱਤਵਾਦ ਨਾਲ ਜੰਗ ਦੇ ਮੁੱਦੇ 'ਤੇ ਲਗਾਤਾਰ ਮਜ਼ਬੂਤ ਹੋ ਰਹੇ ਹਨ। ਭਾਰਤ ਨਾਲ ਰਿਸ਼ਤੇ 'ਤੇ ਇਹ ਟਿੱਪਣੀ ਕਰਦੇ ਹੋਏ ਵ੍ਹਾਈਟ ਹਾਊਸ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੀ ਲੋਕਤੰਤਰ ਅਤੇ ਅੱਤਵਾਦ ਖ਼ਿਲਾਫ਼ ਲੜਾਈ ਵਿਚ ਸਾਂਝੀ ਪ੍ਰਤੀਬੱਧਤਾ ਹੈ। ਭਾਰਤ ਸਾਡਾ ਸੁਭਾਵਿਕ ਸਹਿਯੋਗੀ ਹੈ। ਵ੍ਹਾਈਟ ਹਾਊਸ ਦੇ ਮੁੱਖ ਉਪ ਪ੍ਰੈੱਸ ਸਕੱਤਰ ਰਾਜ ਸ਼ਾਹ ਸੋਮਵਾਰ ਨੂੰ ਭਾਰਤੀ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ।

ਸ਼ਾਹ ਦਾ ਇਹ ਬਿਆਨ ਫਿਲਪੀਨ ਦੀ ਰਾਜਧਾਨੀ ਮਨੀਲਾ ਵਿਚ ਆਸੀਆਨ ਸੰਮੇਲਨ ਦੌਰਾਨ ਨਰਿੰਦਰ ਮੋਦੀ ਅਤੇ ਡੋਨਾਲਡ ਟਰੰਪ ਵਿਚਕਾਰ ਹੋਈ ਦੋ-ਪੱਖੀ ਗੱਲਬਾਤ ਦੇ ਕੁਝ ਘੰਟਿਆਂ ਦੇ ਬਾਅਦ ਆਇਆ ਹੈ। ਸ਼ਾਹ ਵ੍ਹਾਈਟ ਹਾਊਸ ਦੀ ਪ੍ਰੈੱਸ ਬ੍ਰਾਂਚ 'ਚ ਹੁਣ ਤਕ ਦੇ ਸਭ ਤੋਂ ਉੱਚੇ ਅਹੁਦੇ 'ਤੇ ਮੌਜੂਦ ਭਾਰਤੀ-ਅਮਰੀਕੀ ਹਨ। ਉਨ੍ਹਾਂ ਕਿਹਾ ਕਿ ਅਮਰੀਕਾ-ਚੀਨ ਤੋਂ ਜ਼ਿਆਦਾ ਭਾਰਤ-ਅਮਰੀਕਾ ਵਿਚਕਾਰ ਸਮਾਨਤਾਵਾਂ ਹਨ। ਸ਼ਾਹ ਅਨੁਸਾਰ ਟਰੰਪ ਮੋਦੀ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਦੋਨੋਂ ਇਕ-ਦੂਸਰੇ ਨੂੰ ਪਸੰਦ ਕਰਦੇ ਹਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਕਈ ਅਜਿਹੇ ਖੇਤਰ ਹਨ ਜਿਨ੍ਹਾਂ ਵਿਚ ਸਹਿਯੋਗ ਦੀਆਂ ਬੇਸ਼ੁਮਾਰ ਸੰਭਾਵਨਾਵਾਂ ਮੌਜੂਦ ਹਨ। ਇਨ੍ਹਾਂ 'ਤੇ ਚੀਨ, ਪਾਕਿਸਤਾਨ ਜਾਂ ਹੋਰ ਦੂਸਰੇ ਦੇਸ਼ਾਂ ਦੀ ਕਾਫ਼ੀ ਛੋਟੀ ਭੂਮਿਕਾ ਹੈ।