ਵਾਸ਼ਿੰਗਟਨ (ਪੀਟੀਆਈ) : ਮਨੋਰੰਜਨ ਦੇ ਖੇਤਰ ਦੀ ਦਿੱਗਜ ਅਮਰੀਕੀ ਕੰਪਨੀ ਡਿਜ਼ਨੀ ਦੇ ਸਾਬਕਾ ਮੁਲਾਜ਼ਮਾਂ ਨੇ ਐੱਚ-1ਬੀ ਵੀਜ਼ਾ ਵਿਵਾਦ ਨਾਲ ਜੁੜਿਆ ਮੁਕੱਦਮਾ ਵਾਪਸ ਲੈ ਲਿਆ ਹੈ। ਇਨ੍ਹਾਂ ਮੁਲਾਜ਼ਮਾਂ ਨੇ ਕੰਪਨੀ ਖ਼ਿਲਾਫ਼ ਮੁਕੱਦਮਾ ਦਾਇਰ ਕਰ ਕੇ ਇਹ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੀ ਜਗ੍ਹਾ 'ਤੇ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਰੱਖ ਕੇ ਉਨ੍ਹਾਂ ਨਾਲ ਭੇਦਭਾਵ ਕੀਤਾ ਗਿਆ। ਐੱਚ-1ਬੀ ਵੀਜ਼ਾ ਧਾਰਕਾਂ 'ਚ ਜ਼ਿਆਦਾਤਰ ਭਾਰਤੀ ਸਨ। ਇਹ ਵੀਜ਼ਾ ਭਾਰਤੀ ਪੇਸ਼ੇਵਰਾਂ 'ਚ ਕਾਫ਼ੀ ਲੋਕਪਿ੫ਆ ਹੈ।

ਲੰਬੀ ਅਦਾਲਤੀ ਲੜਾਈ ਤੋਂ ਬਾਅਦ ਬੁੱਧਵਾਰ ਨੂੰ ਮੁਕੱਦਮਾ ਵਾਪਸ ਲੈਣ ਦਾ ਐਲਾਨ ਕੀਤਾ ਗਿਆ। ਡਿਜ਼ਨੀ ਦੇ ਸਾਬਕਾ ਆਈਟੀ ਮੁਲਾਜ਼ਮਾਂ ਵੱਲੋਂ ਮੁਕੱਦਮਾ ਦਾਇਰ ਕਰਨ ਵਾਲੀ ਅਮਰੀਕੀ ਅਟਾਰਨੀ ਸਾਰਾ ਬਲੈਕਵੇਲ ਨੇ ਕਿਹਾ, 'ਮੰਦਭਾਗੀ ਨਾਲ ਅਸੀਂ ਇਹ ਕਾਨੂੰਨੀ ਲੜਾਈ ਹਾਰ ਗਏ।' ਡਿਜ਼ਨੀ ਦੀ ਮਹਿਲਾ ਤਰਜਮਾਨ ਨੇ ਕਿਹਾ, 'ਸਾਡੇ ਲਈ ਸਾਰੇ ਬਰਾਬਰ ਹਨ। ਮੁਕੱਦਮੇ ਪੂਰੀ ਤਰ੍ਹਾਂ ਬੇਬੁਨਿਆਦ ਸਨ।' ਐੱਚ-1ਬੀ ਗ਼ੈਰ ਪਰਵਾਸੀ ਵੀਜ਼ਾ ਹੈ। ਇਸ ਨਾਲ ਅਮਰੀਕੀ ਕੰਪਨੀਆਂ ਨੂੰ ਉੱਚ ਹੁਨਰਮੰਦ ਵਿਦੇਸ਼ੀ ਪੇਸ਼ੇਵਰਾਂ ਨੂੰ ਨੌਕਰੀ ਦੇਣ ਦੀ ਇਜਾਜ਼ਤ ਮਿਲਦੀ ਹੈ। ਅਮਰੀਕਾ ਦੀਆਂ ਜ਼ਿਆਦਾਤਰ ਆਈਟੀ ਕੰਪਨੀਆਂ ਭਾਰਤ ਤੇ ਚੀਨ ਜਿਹੇ ਦੇਸ਼ਾਂ ਦੇ ਆਈਟੀ ਪੇਸ਼ੇਵਰਾਂ ਨੂੰ ਆਪਣੇ ਇੱਥੇ ਨੌਕਰੀ 'ਤੇ ਰੱਖਣ ਲਈ ਇਸੇ ਵੀਜ਼ਾ 'ਤੇ ਨਿਰਭਰ ਰਹਿੰਦੀਆਂ ਹਨ।