ਨਿਊਯਾਰਕ (ਏਜੰਸੀ) : ਜੇ ਤੁਹਾਨੂੰ ਆਪਣੇ ਫੇਸਬੁੱਕ ਅਕਾਊਂਟ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਸਤਾਉਂਦੀ ਹੈ ਤਾਂ ਛੇਤੀ ਹੀ ਤੁਹਾਡੀ ਇਹ ਚਿੰਤਾ ਦੂਰ ਹੋ ਜਾਵੇਗੀ। ਕੰਪਨੀ ਆਪਣੇ ਯੂਜਰ ਦੇ ਅਕਾਊਂਟ ਹੋਰ ਸੁਰੱਖਿਅਤ ਬਣਾਉਣ ਲਈ 'ਸਿਕਓਰਿਟੀ ਚੈਕਅੱਪ' ਨਾਂ ਦੇ ਫੀਚਰ ਦਾ ਟੈਸਟ ਕਰ ਰਹੀ ਹੈ। ਛੇਤੀ ਹੀ ਇਹ ਫੀਚਰ ਸਾਰੇ ਫੇਸਬੁੱਕ ਯੂਜਰਜ਼ ਨੂੰ ਮਿਲੇਗਾ। ਫੇਸਬੁੱਕ ਨੇ ਆਪਣੇ ਅਧਿਕਾਰਤ ਪੇਜ 'ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਟੈਕ ਵਰਲਡ ਦੀਆਂ ਖ਼ਬਰਾਂ ਮੁਤਾਬਕ ਕੁਝ ਯੂਜਰ ਨੂੰ ਇਸ ਫੀਚਰ ਦੀ ਟੈਸਟਿੰਗ ਲਈ ਚੁਣਿਆ ਗਿਆ ਹੈ। ਫੇਸਬੁੱਕ ਦਾ ਮੌਜੂਦਾ ਸੈਸ਼ਨ ਦਾ ਫੀਚਰ ਜੀਮੇਲ ਦੇ ਸਾਈਨ ਆਊਟ ਆਲ ਡਿਵਾਈਸ ਜਿਹਾ ਲੱਗ ਸਕਦਾ ਹੈ।

ਪੋਪਅੱਪ 'ਚ ਹੀ ਬਦਲ ਸਕਣਗੇ ਪਾਸਵਰਡ

ਜਦੋਂ ਫੇਸਬੁੱਕ ਯੂਜਰ ਲਾਗ ਇਨ ਕਰਨਗੇ ਤਾਂ ਸਿਕਓਰਿਟੀ ਚੈਕਅੱਪ ਫੀਚਰ ਪੌਪਅੱਪ ਵਜੋਂ ਸਾਹਮਣੇ ਆ ਜਾਵੇਗਾ। ਇਸ ਪੌਪਅੱਪ ਦੇ ਬਾਕਸ 'ਚ ਪਾਸਵਰਡ ਬਦਲਣ, ਲਾਗ ਇਨ ਅਲਰਟ ਕਰਨ ਤੇ ਫੇਸਬੁੱਕ ਦੇ ਮੌਜੂਦਾ ਸੈਸ਼ਨ ਨੂੰ ਬੰਦ ਕਰਨ ਦੇ ਵਿਕਲਪ ਮਿਲਣਗੇ। ਇਸ ਪੌਪ ਅੱਪ ਦੀ ਮਦਦ ਨਾਲ ਫੇਸਬੁੱਕ ਅਕਾਊਂਟ ਨੂੰ ਹੋਰ ਕੰਪਿਊਟਰਾਂ ਤੋਂ ਲਾਗਆਊਟ ਕਰ ਸਕਦੇ ਹੋ। ਅਕਸਰ ਵੇਖਿਆ ਗਿਆ ਹੈ ਕਿ ਯੂਜਰ ਕਈ ਕੰਪਿਊਟਰਾਂ ਤੋਂ ਆਪਣੇ ਫੇਸਬੁੱਕ ਅਕਾਊਂਟ ਨੂੰ ਖੋਲ੍ਹਦੇ ਹਨ, ਜਿਨ੍ਹਾਂ 'ਤੇ ਕਦੇ ਕਦੇ ਫੇਸਬੁੱਕ ਅਕਾਊਂਟ ਖੁੱਲ੍ਹਾ ਹੀ ਰਹਿ ਜਾਂਦਾ ਹੈ।

ਜੀਮੇਲ ਦਾ ਆਲਡਿਵਾਈਸ ਲਾਗ ਆਊਟ

ਜੀਮੇਲ 'ਚ ਸਾਰੇ ਡਿਵਾਈਸ ਤੋਂ ਲਾਗ ਆਊਟ ਕਰਨ ਦਾ ਵਿਕਲਪ ਮੌਜੂਦ ਹੈ। ਜੀਮੇਲ 'ਚ ਜੇ ਤੁਸੀਂ ਅਕਾਊਂਟ ਨੂੰ ਸਾਰੇ ਡਿਵਾਈਸ ਤੋਂ ਲਾਗ ਆਊਟ ਕਰਨਾ ਚਾਹੁੰਦੇ ਹੋ ਤਾਂ ਅਕਾਊਂਟ ਦੇ ਸਭ ਤੋਂ ਹੇਠਾਂ ਖੱਬੇ ਪਾਸੇ ਡਿਟੇਲਜ਼ ਦਾ ਵਿਕਲਪ ਦਿੱਤਾ ਜਾਂਦਾ ਹੈ। ਉਸ 'ਤੇ ਕਲਿਕ ਕਰਨ ਨਾਲ ਤੁਸੀਂ ਆਪਣੀ ਡਿਵਾਈਸ ਨੂੰ ਸਾਰੀਆਂ ਡਿਵਾਈਸਾਂ ਤੋਂ ਲਾਗ ਆਊਟ ਕਰ ਸਕਦੇ ਹੋ। ਇਸ 'ਚ ਅਕਾਊਂਟ ਖੋਲ੍ਹਣ ਦੀ ਲੋਕੇਸ਼ਨ ਵੀ ਵਿਖਾਈ ਦਿੰਦੀ ਹੈ।