ਲੰਡਨ (ਪੀਟੀਆਈ) : ਹਾਲੀਵੁੱਡ ਦੀ ਅਦਾਕਾਰਾ ਕੈਰੀ ਫਿਸ਼ਰ ਦੇ ਦੇਹਾਂਤ ਕਾਰਨ ਡਿਜ਼ਨੀ ਨੂੰ ਪੰਜ ਕਰੋੜ ਡਾਲਰ (ਕਰੀਬ 340 ਕਰੋੜ ਰੁਪਏ) ਮਿਲਣਗੇ। ਦੋਵਾਂ ਦਰਮਿਆਨ 'ਸਟਾਰ ਵਾਰਜ਼' ਦੀਆਂ ਤਿੰਨ ਫਿਲਮਾਂ ਨੂੰ ਲੈ ਕੇ ਹੋਏ ਸਮਝੌਤੇ ਦਾ ਬੀਮਾ ਕਰਾਇਆ ਗਿਆ ਸੀ।

'ਸਟਾਰ ਵਾਰਜ਼' ਦੀ ਅਦਾਕਾਰ ਫਿਸ਼ਰ ਦਾ ਪਿਛਲੇ ਮੰਗਲਵਾਰ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਲੰਡਨ ਤੋਂ ਲਾਸ ਏਂਜਲਸ ਦੀ ਉਡਾਣ ਦੌਰਾਨ ਦਿਲ ਦਾ ਦੌਰਾ ਪਿਆ ਸੀ। ਫਿਸ਼ਰ ਦੀ ਮੌਤ ਦੇ ਸਦਮੇ ਨਾਲ ਅਗਲੇ ਹੀ ਦਿਨ ਉਨ੍ਹਾਂ ਦੀ ਮਾਂ ਅਤੇ ਹਾਲੀਵੁੱਡ ਦੀ ਧੜੱਲੇਦਾਰ ਅਦਾਕਾਰ ਡੈਬੀ ਰੇਨਾਲਡਸ ਨੇ ਵੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਬੀਮਾ ਕੰਪਨੀ ਦੇ ਸੂਤਰਾਂ ਦੇ ਮੁਤਾਬਕ, ਬੀਮੇ ਦੇ ਤਹਿਤ ਲਾਇਡਸ ਆਫ ਲੰਡਨ ਕੰਟਰੈਕਟ ਪ੍ਰੋਟੈਕਸ਼ਨ ਕਵਰ ਦਾ ਭੁਗਤਾਨ ਕਰੇਗੀ। ਫਿਸ਼ਰ ਦੀ ਮੌਤ ਨਾਲ ਕੁਝ ਸਮੇਂ ਪਹਿਲਾਂ ਹੀ 'ਸਟਾਰ ਵਾਰਜ਼ : ਐਪੀਸੋਡ 8' ਦੀ ਸ਼ੂਟਿੰਗ ਪੂਰੀ ਹੋਈ ਸੀ। ਇਹ ਫਿਲਮ ਇਸ ਸਾਲ ਦਸੰਬਰ 'ਚ ਰਿਲੀਜ਼ ਹੋਵੇਗੀ। ਇਸ ਤੋਂ ਬਾਅਦ ਬਣਨ ਵਾਲੀ 'ਸਟਾਰ ਵਾਰਜ਼ : 9' 'ਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਦੀ ਉਮੀਦ ਸੀ। ਇਸ ਦੇ ਸਾਲ 2019 'ਚ ਆਉਣ ਦੀ ਸੰਭਾਵਨਾ ਸੀ। ਹਾਲਾਂਕਿ ਇਸ ਤੋਂ ਪਹਿਲਾਂ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ।