ਨਿਊਯਾਰਕ, (ਏਜੰਸੀ) : ਸੰਨ 2016 ਵਿਚ ਅਮਰੀਕੀ ਰਾਸ਼ਟਰਪਤੀ ਚੋਣ ਦੀ ਦੌੜ ਵਿਚ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਆਪਣੀ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਨੂੰ ਸ਼ਨਿੱਚਰਵਾਰ ਨੂੰ ਇਕ ਵੱਡੀ ਰੈਲੀ ਕਰਕੇ ਕੀਤੀ। ਅਮੀਰ ਤੇ ਗਰੀਬ ਵਿਚਾਲੇ ਖੱਪੇ ਨੂੰ ਪੂਰਨ ਦਾ ਵਾਅਦਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਅਮਰੀਕੀਆਂ ਨੂੰ ਸੁਰੱਖਿਅਤ ਰੱਖਣ ਲਈ ਸਭ ਕੁਝ ਕਰੇਗੀ। ਇੱਥੇ ਰੂਜ਼ਵੈਲਟ ਆਈਲੈਂਡ ਵਿਚ ਜੁਟੇ ਕਰੀਬ ਸਾਢੇ 5 ਹਜ਼ਾਰ ਹਮਾਇਤੀਆਂ ਨੂੰ ਸੰਬੋਧਨ ਕਰਦਿਆਂ 67 ਸਾਲਾ ਹਿਲੇਰੀ ਨੇ ਕਿਹਾ ਕਿ ਖੁਸ਼ਹਾਲੀ ਸਿਰਫ ਸੀਈਓ ਅਤੇ ਹੇਜ ਫੰਡ ਪ੍ਰਬੰਧਕਾਂ ਲਈ ਹੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਦੇਸ਼ ਦੇ ਅਰਥਚਾਰੇ ਨੂੰ ਵਾਪਸ ਮੱਧ ਵਰਗ ਦੇ ਕਰੀਬ ਲਿਆਉਣ ਦਾ ਹੈ। ਲੋਕਤੰਤਰ ਸਿਰਫ ਅਰਬਪਤੀਆਂ ਅਤੇ ਕੰਪਨੀਆਂ ਲਈ ਨਹੀਂ ਹੋ ਸਕਦਾ। ਹਿਲੇਰੀ ਨੇ ਕਿਹਾ ਕਿ ਤੁਸੀਂ ਸਾਡੇ ਦੇਸ਼ ਨੂੰ ਵਾਪਸ ਲੈ ਕੇ ਆਏ ਹੋ। ਹੁਣ ਇਹ ਲਾਭ ਪ੍ਰਾਪਤ ਕਰਨ ਤੇ ਅੱਗੇ ਵਧਣ ਦਾ ਸਮਾਂ ਹੈ। ਕੀ ਤੁਹਾਨੂੰ ਪਤਾ ਹੈ? ਤੁਹਾਡੇ ਸਫਲ ਹੋਏ ਬਗੈਰ ਅਮਰੀਕਾ ਵੀ ਸਫਲ ਨਹੀਂ ਹੋ ਸਕਦਾ। ਇਸ ਕਰਕੇ ਮੈਂ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਹਾਂ। ਇਸ ਰੈਲੀ ਵਿਚ ਹਿਲੇਰੀ ਦੇ ਨਾਲ ਉਨ੍ਹਾਂ ਦੇ ਪਤੀ ਤੇ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਅਤੇ ਬੇਟੀ ਚੇਲਸੀਆ ਵੀ ਸੀ। ਹਿਲੇਰੀ ਦੇ ਆਪਣੀ ਉਮੀਦਵਾਰੀ ਐਲਾਨਣ ਮਗਰੋਂ ਇਹ ਪਹਿਲਾ ਮੌਕਾ ਸੀ ਜਦ ਪੂਰਾ ਪਰਿਵਾਰ ਲੋਕਾਂ ਦੇ ਸਾਹਮਣੇ ਇਕੱਿਠਆਂ ਆਇਆ।