ਨਵੀਂ ਦਿੱਲੀ (ਆਈਏਐੱਨਐੱਸ) : ਆਰੁਸ਼ੀ ਤੇ ਹੇਮਰਾਜ ਦੇ ਦੋਹਰੇ ਕਤਲਕਾਂਡ 'ਚ ਰਾਜੇਸ਼ ਤਲਵਾੜ ਤੇ ਨੂਪੁਰ ਤਲਵਾੜ ਨੂੰ ਬਰੀ ਕਰਨ ਦੇ ਇਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਸੀਬੀਆਈ ਨੇ ਸੁਪਰੀਮ ਕੋਰਟ 'ਚ ਦਸਤਕ ਦਿੱਤੀ ਹੈ।

ਕੇਂਦਰੀ ਜਾਂਚ ਏਜੰਸੀ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਮਹੀਨੇ ਦੇ ਅਖੀਰ 'ਚ ਸੀਬੀਆਈ ਇਲਾਹਾਬਾਦ ਹਾਈ ਕੋਰਟ ਦੇ ਇਸ ਫ਼ੈਸਲੇ ਖ਼ਿਲਾਫ਼ ਅਪੀਲ ਦਾਖ਼ਲ ਕਰੇਗੀ।

ਜ਼ਿਕਰਯੋਗ ਹੈ ਕਿ ਪਿਛਲੀ 12 ਅਕਤੂਬਰ ਨੂੰ ਇਲਾਹਾਬਾਦ ਹਾਈ ਕੋਰਟ ਦੀ ਜਸਟਿਸ ਬੀਕੇ ਨਾਰਾਇਣਾ ਤੇ ਏਕੇ ਮਿਸ਼ਰਾ ਦੀ ਬੈਂਚ ਨੇ ਨੋਇਡਾ ਦੇ ਜਲਵਾਯੂ ਵਿਹਾਰ 'ਚ 16 ਮਈ, 2008 ਨੂੰ 14 ਸਾਲਾ ਆਰੁਸ਼ੀ ਤਲਵਾੜ ਤੇ ਨੌਕਰ ਹੇਮਰਾਜ ਦੀ ਹੱਤਿਆ ਦੇ ਦੋਸ਼ਾਂ ਤੋਂ ਤਲਵਾੜ ਜੋੜੇ ਨੂੰ ਬਰੀ ਕਰ ਦਿੱਤਾ ਸੀ। ਹਾਈ ਕੋਰਟ ਨੇ ਗਾਜ਼ੀਆਬਾਦ ਦੀ ਸੀਬੀਆਈ ਦੀ ਅਦਾਲਤ ਦੇ ਫ਼ੈਸਲੇ ਨੂੰ ਪਲਟ ਦਿੱਤਾ ਸੀ। ਸੀਬੀਆਈ ਅਦਾਲਤ ਨੇ 26 ਨਵੰਬਰ, 2013 ਨੂੰ ਤਲਵਾੜ ਜੋੜੇ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਸੀ।

ਜ਼ਿਕਰਯੋਗ ਹੈ ਕਿ ਹੇਮਰਾਜ ਦੀ ਪਤਨੀ ਨੇ ਵੀ ਕੁਝ ਹੀ ਦਿਨ ਪਹਿਲਾਂ ਇਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ 'ਚ ਅਪੀਲ ਕੀਤੀ ਹੈ।