ਵਾਸ਼ਿੰਗਟਨ (ਪੀਟੀਆਈ) : ਦਫ਼ਤਰ ਸੰਭਾਲਣ ਵਾਲੇ ਬਾਸ ਜਾਂ ਸੀਨੀਅਰ ਅਧਿਕਾਰੀਆਂ ਨੂੰ ਸੁਚੇਤ ਕਰਨ ਵਾਲੀ ਖ਼ਬਰ ਹੈ। ਕੰਮ ਦੇ ਸਥਾਨ ਦਾ ਮਾਹੌਲ ਉਬਾਊ ਜਾਂ ਗੰਦਾ ਹੋਣ ਨਾਲ ਕਰਮਚਾਰੀਆਂ ਦੇ ਦਿਮਾਗ਼ 'ਤੇ ਪ੍ਰਤੀਕੂਲ ਪ੍ਰਭਾਵ ਪੈਂਦਾ ਹੈ। ਇਹ ਯਾਦ ਸ਼ਕਤੀ 'ਤੇ ਲੰਬੇ ਸਮੇਂ ਲਈ ਅਸਰ ਪਾਉਂਦਾ ਹੈ।

ਅਮਰੀਕੀ ਖੋਜਕਰਤਾਵਾਂ ਦੇ ਤਾਜ਼ਾ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ। ਕੰਮ ਦੇ ਸਥਾਨ 'ਤੇ ਉਤਸ਼ਾਹ ਦੀ ਕਮੀ ਵੀ ਬੁਰਾ ਪ੍ਰਭਾਵ ਪਾਉਂਦੀ ਹੈ। ਫਲੋਰਿਡਾ ਸਟੇਟ ਯੂਨੀਵਰਸਿਟੀ ਦੇ ਜੋਸਫ ਗ੍ਰਜੀਵਸਜ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਕੀਤੇ ਗਏ ਅਧਿਐਨ 'ਚ ਕੰਮ ਦੇ ਸਥਾਨ 'ਤੇ ਗੰਦਗੀ ਅਤੇ ਉਬਾਊ ਜਾਂ ਉਤਸ਼ਾਹ ਰਹਿਤ ਮਾਹੌਲ ਨਾਲ ਦਿਮਾਗ਼ ਦੀ ਕਾਰਜ ਪ੍ਰਣਾਲੀ 'ਤੇ ਪੈਣ ਵਾਲੇ ਮਾੜੇ ਪ੍ਰਭਾਵ ਨੂੰ ਲੈ ਕੇ ਮਾਹਿਰਾਂ ਦੀ ਰਾਏ ਅਲੱਗ-ਅਲੱਗ ਸੀ। ਤਾਜ਼ਾ ਖੋਜ 'ਚ ਦੋਨਾਂ ਹੀ ਹਾਲਤਾਂ 'ਚ ਅੱਗੇ ਚੱਲ ਕੇ ਯਾਦ ਸ਼ਕਤੀ ਦੇ ਪ੍ਰਭਾਵਿਤ ਹੋਣ ਦੀ ਗੱਲ ਸਾਹਮਣੇ ਆਈ ਹੈ। ਅਧਿਐਨ 'ਚ 32 ਤੋਂ 84 ਸਾਲ ਉਮਰ ਵਰਗ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਨਵੀਆਂ ਚੀਜ਼ਾਂ ਨੂੰ ਸਿੱਖਣ ਅਤੇ ਚੁਣੌਤੀਆਂ ਨੂੰ ਸਵੀਕਾਰ ਕਰਨ ਵਾਲੇ ਕਰਮਚਾਰੀਆਂ (ਖ਼ਾਸ ਕਰ ਕੇ ਅੌਰਤ ਮੁਲਾਜ਼ਮਾਂ) ਦੀ ਯਾਦ ਸ਼ਕਤੀ ਪਹਿਲੇ ਤੋਂ ਬਿਹਤਰ ਪਾਈ ਗਈ। ਗੰਦੇ ਵਾਤਾਵਰਨ 'ਚ ਕੰਮ ਕਰਨ ਵਾਲੇ ਲੋਕਾਂ ਦੀ ਦਿਮਾਗ਼ੀ ਸਮਰੱਥਾ 'ਚ ਗਿਰਾਵਟ ਵੀ ਦਰਜ ਕੀਤੀ ਗਈ।