ਹਿਊਸਟਨ (ਏਜੰਸੀ) : ਅਮਰੀਕਾ ਦੇ 14 ਵੱਡੇ ਸ਼ਹਿਰਾਂ ਅਤੇ ਕੈਨੇਡਾ ਦੇ ਟੋਰਾਂਟੋ, ਵੈਨਕੂਵਰ ਵਿਚ 'ਮੇਰਾ ਵੋ ਮਤਲਬ ਨਹੀਂ ਥਾ' ਨਾਟਕ ਵਿਚ ਆਪਣੀ ਦਮਦਾਰ ਅਦਾਕਾਰੀ ਦੇ ਜ਼ੋਰ 'ਤੇ ਅਦਾਕਾਰ ਅਨੁਪਮ ਖੇਰ ਅਤੇ ਨੀਨਾ ਗੁਪਤਾ ਨੇ ਖੂਬ ਵਾਹੋ-ਵਾਹੀ ਖੱਟੀ ਹੈ। ਇੱਥੇ ਇਸਦਾ ਮੰਚਨ 7 ਅਗਸਤ ਤੋਂ ਸ਼ੁਰੂ ਹੋਇਆ ਸੀ। ਹਿਊਸਟਨ ਵਿਚ ਤਾਂ ਲੋਕਾਂ ਦੀ ਮੰਗ 'ਤੇ ਦੂਜੀ ਵਾਰ ਇਸ ਨਾਟਕ ਦਾ ਮੰਚਨ ਕੀਤਾ ਜਾ ਰਿਹਾ ਹੈ। ਮੇਅਰ ਏਨਿਸ ਪਾਰਕਰ ਨੇ ਅਦਾਕਾਰ ਦੀ ਵਚਨਬੱਧਤਾ ਦੀ ਤਾਰੀਫ ਕਰਦਿਆਂ 7 ਅਗਸਤ ਨੂੰ ਅਨੁਪਮ ਖੇਰ ਦਿਵਸ ਐਲਾਨ ਦਿੱਤਾ। 60 ਸਾਲਾ ਅਦਾਕਾਰ ਨੇ ਕਿਹਾ ਕਿ ਇਹ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ। ਤੁਸੀਂ ਪੁਰਾਣੀਆਂ ਚੀਜ਼ਾਂ ਜ਼ਰੀਏ ਦਰਸ਼ਕਾਂ ਨੂੰ ਆਪਣੇ ਵੱਲ ਖਿੱਚ ਸਕਦੇ ਹੋ। ਇਸ ਨਾਟਕ ਦਾ ਮੰਚਨ ਮਲਟੀਮੀਡੀਆ ਦੀ ਵਰਤੋਂ ਅਤੇ ਇਕ ਨਵੀਂ ਸੋਚ ਨਾਲ ਕੀਤਾ ਗਿਆ। ਖੇਰ ਨੇ ਦੱਸਿਆ ਕਿ ਇਹ ਕੋਈ ਪ੍ਰੇਮ ਕਹਾਣੀ ਨਹੀਂ ਹੈ ਪਰ ਸੰਬੰਧਾਂ, ਗਲਤਫਹਿਮੀਆਂ ਅਤੇ ਸੱਚਾਈ ਨਾਲ ਨਜਿੱਠਣ ਵਿਚ ਸਾਡੀ ਨਾ-ਸਮਝੀ ਦੀ ਕਹਾਣੀ ਹੈ।