ਨਿਊਯਾਰਕ, (ਏਜੰਸੀ) : ਅਮਰੀਕਾ ਦੇ ਫਲੋਰਿਡਾ ਸਥਿਤ ਵਾਲਟ ਡਿਜ਼ਨੀ ਵਰਲਡ 'ਚ ਕੰਮ ਕਰਨ ਵਾਲੇ ਇਕ ਸਿੱਖ ਨੌਜਵਾਨ ਨੇ ਧਾਰਮਿਕ ਮਾਨਤਾਵਾਂ ਨਾਲ ਸਬੰਧਤ ਵੱਡੀ ਲੜਾਈ ਜਿੱਤ ਲਈ ਹੈ। ਕੰਪਨੀ ਨੇ ਸਿੱਖ ਮੁਲਾਜ਼ਮ ਗੁਰਦਿੱਤ ਸਿੰਘ ਨੂੰ ਦਸਤਾਰ, ਦਾੜ੍ਹੀ ਵਰਗੇ ਧਾਰਮਿਕ ਪ੍ਰਤੀਕਾਂ ਸਮੇਤ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਕੰਪਨੀ ਨੇ ਉਸ ਨੂੰ ਧਾਰਮਿਕ ਪ੍ਰਤੀਕਾਂ ਕਾਰਨ ਮਹਿਮਾਨਾਂ ਦੇ ਸਾਹਮਣੇ ਕੰਮ ਕਰਨ ਤੋਂ ਸੱਤ ਸਾਲ ਤੱਕ ਰੋਕੀ ਰੱਖਿਆ ਸੀ।

ਗੁਰਦੀਪ ਨੂੰ 2008 'ਚ ਕੰਪਨੀ 'ਚ ਨਿਯੁਕਤ ਕੀਤਾ ਗਿਆ ਸੀ। ਉਸਨੂੰ ਨਿਯੁਕਤੀ ਸਮੇ ਹੀ ਅਧਿਕਾਰੀਆਂ ਨੇ ਹਦਾਇਤ ਦਿੱਤੀ ਸੀ ਕਿ ਉਹ ਪਾਰਕ ਦੇ ਅਜਿਹੇ ਹਿੱਸਿਆਂ 'ਚੋਂ ਹੋ ਕੇ ਨਹੀਂ ਲੰਘੇਗਾ ਜਿੱਥੇ ਆਉਣ-ਜਾਣ ਵਾਲੇ ਲੋਕ ਉਸ ਨੂੰ ਦੇਖ ਸਕਣ। ਅਧਿਕਾਰੀਆਂ ਦਾ ਕਹਿਣਾ ਸੀ ਕਿ ਧਾਰਮਿਕ ਮਾਨਤਾ ਕਾਰਨ ਦਾੜ੍ਹੀ ਤੇ ਦਸਤਾਰ ਰੱਖਣ ਨਾਲ ਕੰਪਨੀ ਦੀ 'ਲੁਕ ਪਾਲਸੀ' ਦੀ ਉਲੰਘਣਾ ਹੁੰਦੀ ਹੈ। ਸਿੱਖ ਕੋਲਿਸ਼ਨ ਤੇ ਅਮਰੀਕਾ ਸਿਵਿਲ ਲਿਬਰਟੀਜ਼ ਯੂਨੀਅਨ (ਏਸੀਐਲਯੂ) ਨੇ ਇਸ ਸਬੰਧ 'ਚ ਡਿਜ਼ਨੀ ਨੂੰ ਲਿਖੀ ਚਿੱਠੀ 'ਚ ਕਿਹਾ ਹੈ ਕਿ ਇਹ ਫ਼ਰਕ ਗੁਰਦਿੱਤ ਸਿੰਘ ਤੇ ਉਸਦੇ ਸਹਿਯੋਗੀਆਂ ਵਿਚਕਾਰ ਤਾਲਮੇਲ ਨੂੰ ਵਧਾਏਗਾ। ਸਿੱਖ ਕੋਲੀਸ਼ਨ ਤੇ ਏਸੀਐਲਯੂ ਦੇ ਦਖ਼ਲ ਤੋਂ ਬਾਅਦ ਆਖ਼ਰ ਕੰਪਨੀ ਨੇ ਆਪਣਾ ਫ਼ੈਸਲਾ ਬਦਲ ਲਿਆ ਤੇ ਗੁਰਦਿੱਤ ਸਿੰਘ ਨੂੰ ਆਪਣੇ ਧਾਰਮਿਕ ਪ੍ਰਤੀਕਾਂ ਨਾਲ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ। ਹੁਣ ਗੁਰਦਿੱਤ ਸਿੰਘ ਨੂੰ ਆਪਣੀ ਦਸਤਾਰ ਤੇ ਦਾੜ੍ਹੀ ਕਾਰਨ ਪਾਰਕ ਦੇ ਲੋਕਾਂ ਤੋਂ ਲੁਕ ਕੇ ਨਹੀਂ ਰਹਿਣਾ ਪਵੇਗਾ।