ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ : ਅੱਜ ਬੱਚੇ ਕੱਲ੍ਹ ਦਾ ਭਵਿੱਖ ਕਹੇ ਜਾਂਦੇ ਹਨ ਪਰ ਇਨ੍ਹਾਂ ਬੱਚਿਆਂ ਦੀ ਸਿਹਤ-ਸੰਭਾਲ ਵਾਸਤੇ ਕਈ ਵਾਰ ਉਹ ਸਾਧਨ ਨਹੀਂ ਜੁਟਾਏ ਜਾਂਦੇ ਜਿਨ੍ਹਾਂ ਦੀ ਲੋੜ ਹੁੰਦੀ ਹੈ। ਨਿਊਜ਼ੀਲੈਂਡ ਦਾ ਸਟਾਰਸ਼ਿਪ ਹਸਪਤਾਲ ਲੋਕਾਂ ਦੇ ਦਿੱਤੇ ਦਾਨ ਆਸਰੇ ਬਹੁਤ ਹੀ ਵਧੀਆ ਕਾਰਗੁਜ਼ਾਰੀ ਕਰ ਰਿਹਾ ਹੈ ਜਿਥੇ ਬੱਚਿਆਂ ਦੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਹੈ। ਨਿਊਜ਼ੀਲੈਂਡ ਦੀ ਇਕ ਦਵਾਈਆਂ ਬਣਾਉਣ ਵਾਲੀ ਕੰਪਨੀ 'ਡੁਗਲਸ ਫਾਰਮਾਸਿਊਟੀਕਲ' ਨੇ ਹੁਣ ਤਕ ਦੀ ਵੱਡੀ ਰਾਸ਼ੀ 90 ਲੱਖ ਡਾਲਰ ਸਟਾਰ ਸ਼ਿਪ ਹਸਪਤਾਲ ਨੂੰ ਦਾਨ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਜਿਥੋਂ ਕਮਾਇਆ ਉਥੇ ਮੁੜ ਸੇਵਾ ਦਾਨ ਵਜੋਂ ਉਵੇਂ ਹੀ ਵਰ੍ਹਾਇਆ ਹੈ। ਇਹ ਧਨ ਹਜ਼ਾਰਾਂ ਬੱਚਿਆਂ ਦੀ ਜਾਨ ਬਚਾਉਣ ਦੇ ਲਈ ਯੋਗ ਵਰਤੋਂ 'ਚ ਆਵੇਗਾ। ਇਸ ਕੰਪਨੀ ਦਾ ਇਕ ਵੱਡਾ ਯੂਨਿਟ ਫਿਜ਼ੀ 'ਚ ਵੀ ਹੈ ਅਤੇ ਭਾਰਤੀ ਮੂਲ ਦੇ ਲੋਕ ਉਥੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਫਾਰਮਾਸਿਸਟ ਸਵ. ਸਰ ਗ੍ਰੈਮੀ ਡੁਗਲਸ ਨੇ 1980 'ਚ ਦਵਾਈਆਂ ਬਣਾਉਣ ਦਾ ਕਾਰੋਬਾਰ ਸ਼ੁਰੂ ਕੀਤਾ ਅਤੇ ਹੁਣ ਇਸ 'ਚ 700 ਤੋਂ ਜ਼ਿਆਦਾ ਕਾਮੇ ਹਨ ਅਤੇ 40 ਦੇਸ਼ਾਂ ਨੂੰ ਦਵਾਈਆਂ ਭੇਜੀਆਂ ਜਾਂਦੀਆਂ ਹਨ।