-ਨਿਗਮ ਸ਼ਹਿਰ ਦੇ 80 ਵਾਰਡਾਂ 'ਚ ਕਰਵਾ ਰਿਹੈ ਸਰਵੇ

-ਮਹਾਨਗਰ 'ਚ 150 ਤੋਂ ਜ਼ਿਆਦਾ ਹਨ ਵਾਸ਼ਿੰਗ ਸੈਂਟਰ

ਜੇਐੱਨਐੱਨ, ਜਲੰਧਰ : ਸ਼ਹਿਰ ਦੇ ਨਗਰ ਨਿਗਮ ਦੀ ਵਾਟਰ ਸਪਲਾਈ ਦੀ ਦੁਰਵਰਤੋਂ ਕਰਨ ਵਾਲਿਆਂ 'ਤੇ ਨਿਗਮ ਪ੍ਰਸ਼ਾਸਨ ਵੱਲੋਂ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਗਈ ਹੈ। ਸ਼ਹਿਰ ਵਿਚ ਬਣੇ ਸਾਰੇ ਵਾਹਨ ਵਾਸ਼ਿੰਗ ਸੈਂਟਰਾਂ ਦਾ ਨਿਗਮ ਵੱਲੋਂ ਸਰਵੇ ਕਰਵਾਇਆ ਜਾ ਰਿਹਾ ਹੈ। ਇਸ ਵਿਚ ਵਾਸ਼ਿੰਗ ਸੈਂਟਰਾਂ ਦਾ ਅੰਕੜਾ ਇਕੱਠਾ ਕਰਨ ਦੇ ਨਾਲ ਹੀ ਵਾਟਰ ਸਪਲਾਈ ਦੇ ਕਨੈਕਸ਼ਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਨੇ ਦੱਸਿਆ ਕਿ ਕੁੱਲ ਸੱਤ ਜ਼ੋਨਾਂ ਵਿਚ ਵੰਡੇ ਸ਼ਹਿਰ ਵਿਚ ਇਕ ਅਨੁਮਾਨ ਮੁਤਾਬਕ 150 ਤੋਂ ਜ਼ਿਆਦਾ ਵਾਸ਼ਿੰਗ ਸੈਂਟਰ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਸਹੀ ਅੰਕੜਾ ਇਕ ਹਫਤੇ ਬਾਅਦ ਪੂਰੀ ਸਰਵੇ ਰਿਪੋਰਟ ਆਉਣ ਤੋਂ ਬਾਅਦ ਹੀ ਮਿਲ ਸਕੇਗਾ। ਉਨ੍ਹਾਂ ਦੱਸਿਆ ਕਿ ਸਾਰੇ ਸੱਤ ਜ਼ੋਨਾਂ ਦੇ ਐਕਸੀਅਨ ਤੇ ਹੋਰ ਸਟਾਫ ਨੂੰ ਸ਼ਹਿਰ ਦੇ ਸਾਰੇ 80 ਵਾਰਡਾਂ ਵਿਚ ਸਰਵੇ ਪੂਰਾ ਕਰਕੇ ਅਗਲੇ ਹਫਤੇ ਤਕ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ। ਓ ਐਂਡ ਐੱਮ ਵਿਭਾਗ ਦੇ ਸੂਤਰਾਂ ਮੁਤਾਬਕ ਵਾਸ਼ਿੰਗ ਸੈਂਟਰਾਂ ਦੀ ਗਿਣਤੀ ਦਾ ਅੰਕੜਾ ਇਕੱਠਾ ਕਰਨ ਦੇ ਨਾਲ ਹੀ ਟੀਮ ਵੱਲੋਂ ਪਾਣੀ ਦੇ ਵਾਟਰ ਸਪਲਾਈ ਕਨੈਕਸ਼ਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨਿਗਮ ਦੇ ਵਾਟਰ ਸਪਲਾਈ ਕਨੈਕਸ਼ਨ ਦੇ ਪਾਣੀ ਨਾਲ ਵਾਹਨਾਂ ਦੀ ਵਾਸ਼ਿੰਗ ਕਰਨ ਵਾਲੇ ਵਾਸ਼ਿੰਗ ਸੈਂਟਰਾਂ ਨੂੰ ਪਹਿਲਾਂ ਨੋਟਿਸ ਜਾਰੀ ਕੀਤੇ ਜਾਣਗੇ ਅਤੇ ਫਿਰ ਉਨ੍ਹਾਂ ਦੇ ਕਨੈਕਸ਼ਨ ਕੱਟ ਦਿੱਤੇ ਜਾਣਗੇ। ਇਸ ਦੇ ਨਾਲ ਹੀ ਪਾਣੀ ਦੀ ਦੁਰਵਰਤੋਂ ਕਰਨ ਦੇ ਮਾਮਲੇ ਵਿਚ ਉਨ੍ਹਾਂ ਨੂੰ ਪੰਜ-ਪੰਜ ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਜਾਵੇਗਾ।

ਇਹ ਹਨ ਨਿਯਮ

ਸੁਪਰਡੈਂਟ ਰਵੀ ਸ਼ਰਮਾ ਨੇ ਦੱਸਿਆ ਕਿ ਨਿਯਮਾਂ ਤਹਿਤ ਵਾਸ਼ਿੰਗ ਸੈਂਟਰ ਵਾਲਿਆਂ ਲਈ ਰਿਸਾਈਕਲਿੰਗ ਯੂਨਿਟ ਲਗਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿਰਫ ਰੀਟਰੀਟ ਪਾਣੀ ਨਾਲ ਹੀ ਵਾਹਨਾਂ ਦੀ ਵਾਸ਼ਿੰਗ ਕੀਤੀ ਜਾ ਸਕਦੀ ਹੈ। ਵਾਟਰ ਸਪਲਾਈ ਕਨੈਕਸ਼ਨ ਦੇ ਪਾਣੀ ਨਾਲ ਵਾਹਨਾਂ ਦੀ ਵਾਸ਼ਿੰਗ 'ਤੇ ਕਨੈਕਸ਼ਨ ਕੱਟ ਦਿੱਤਾ ਜਾਵੇਗਾ। ਉਥੇ ਹੀ ਸਬਮਰਸੀਬਲ ਲਗਾਉਣ ਸਬੰਧੀ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੀ ਇਜਾਜ਼ਤ ਡੀਸੀ ਦਫਤਰ ਤੋਂ ਲੈਣੀ ਹੁੰਦੀ ਹੈ। ਸਰਵੇ ਵਿਚ ਇਸ ਗੱਲ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਕਿਥੇ-ਕਿਥੇ ਸਬਮਰਸੀਬਲ ਲੱਗੇ ਹਨ, ਉਨ੍ਹਾਂ ਦੀ ਇਜਾਜ਼ਤ ਲਈ ਗਈ ਹੈ ਜਾਂ ਨਹੀਂ।

400 ਲੀਟਰ ਤੋਂ ਵੱਧ ਪਾਣੀ ਨਾਲ ਧੋਤਾ ਜਾਂਦਾ ਹੈ ਇਕ ਵਾਹਨ

ਨਿਗਮ ਅਧਿਕਾਰੀਆਂ ਦਾ ਮੰਨਣਾ ਹੈ ਕਿ ਵਾਸ਼ਿੰਗ ਸੈਂਟਰ ਵਿਚ ਇਕ ਕਾਰ ਧੋਣ ਵਿਚ ਘੱਟ ਤੋਂ ਘੱਟ 400 ਲੀਟਰ ਪਾਣੀ ਵਰਤਿਆ ਜਾਂਦਾ ਹੈ। ਜਦੋਂਕਿ ਪੂਰਾ ਦਿਨ ਘਰ ਰਹਿਣ ਵਾਲਾ ਇਕ ਵਿਅਕਤੀ ਪੂਰੇ ਦਿਨ ਵਿਚ 135 ਲੀਟਰ ਪਾਣੀ ਹੀ ਵਰਤਦਾ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਕ ਵਾਹਨ ਦੀ ਵਾਸ਼ਿੰਗ ਵਿਚ ਹੀ ਕਿੰਨੇ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਅੌਸਤਨ ਇਕ ਵਾਸ਼ਿੰਗ ਸੈਂਟਰ ਵਿਚ ਇਕ ਦਿਨ ਵਿਚ ਘੱਟ ਤੋਂ ਘੱਟ 20 ਵਾਹਨਾਂ ਦੀ ਵਾਸ਼ਿੰਗ ਹੁੰਦੀ ਹੈ। ਇਸ ਤੋਂ ਸਪੱਸ਼ਟ ਹੈ ਕਿ ਇਕ ਵਾਸ਼ਿੰਗ ਸੈਂਟਰ ਵਿਚ ਸਾਰੇ ਦਿਨ ਵਿਚ 8000 ਲੀਟਰ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ।

ਰੋਜ਼ਾਨਾ 300 ਐੱਮਐੱਲਡੀ ਤੋਂ ਵੱਧ ਪਾਣੀ ਦੀ ਹੁੰਦੀ ਹੈ ਸਪਲਾਈ

ਸ਼ਹਿਰ ਦੇ 80 ਵਾਰਡਾਂ ਵਿਚ ਰਹਿਣ ਵਾਲੇ ਦਸ ਲੱਖ ਤੋਂ ਵੱਧ ਲੋਕਾਂ ਲਈ ਨਗਰ ਨਿਗਮ ਵੱਲੋਂ ਰੋਜ਼ਾਨਾ 300 ਐੱਮਐੱਲਡੀ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ ਜਦੋਂਕਿ ਬਿਆਸ ਪ੍ਰਾਜੈਕਟ 'ਤੇ ਕੰਮ ਕਰ ਰਹੀ ਟੀਮ ਦਾ ਮੰਨਣਾ ਹੈ ਕਿ ਸ਼ਹਿਰ ਦੀ ਆਬਾਦੀ ਮੁਤਾਬਕ 150 ਐੱਮਐੱਲਡੀ ਪਾਣੀ ਹੀ ਸਪਲਾਈ ਹੋਣਾ ਚਾਹੀਦਾ ਹੈ। ਇਸ ਤੋਂ ਸਪੱਸ਼ਟ ਹੈ ਕਿ ਵੱਡੇ ਪੈਮਾਨੇ 'ਤੇ ਪਾਣੀ ਵਿਅਰਥ ਕੀਤਾ ਜਾ ਰਿਹਾ ਹੈ। ਬੀਤੇ ਚਾਰ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਨਿਗਮ ਪ੍ਰਸ਼ਾਸਨ ਵੱਲੋਂ ਦੁਪਹਿਰ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਦੁਪਹਿਰ ਦੀ ਸਪਲਾਈ ਹੋਣ ਦੀ ਸੂਰਤ ਵਿਚ ਰੋਜ਼ਾਨਾ ਕਰੀਬ 350 ਐੱਮਐੱਲਡੀ ਪਾਣੀ ਸਪਲਾਈ ਹੁੰਦਾ ਸੀ।

ਖ਼ਤਰੇ ਦੀ ਘੰਟੀ

ਬਿਆਸ ਪ੍ਰਾਜੈਕਟ 'ਤੇ ਕੰਮ ਕਰ ਰਹੀ ਕੰਪਨੀ ਨੇ ਨਿਗਮ ਅਧਿਕਾਰੀਆਂ ਨੂੰ ਦਿੱਤੀ ਪੇਸ਼ਕਾਰੀ ਵਿਚ ਸਾਫ ਕਰ ਦਿੱਤਾ ਸੀ ਕਿ ਜੇਕਰ ਸਮਾਂ ਰਹਿੰਦਿਆਂ ਪਾਣੀ ਵਿਅਰਥ ਹੋਣ ਤੋਂ ਬਚਾਉਣ ਦੇ ਉਪਾਅ ਨਾ ਕੀਤੇ ਗਏ ਤਾਂ ਆਉਣ ਵਾਲੇ 15 ਤੋਂ 20 ਸਾਲਾਂ ਵਿਚ ਜਲੰਧਰ ਵਿਚ ਜਲ ਸੰਕਟ ਪੈਦਾ ਹੋ ਸਕਦਾ ਹੈ।

ਪਾਣੀ ਕਨੈਕਸ਼ਨ ਦਾ ਬਿਓਰਾ

ਸ਼ਹਿਰ ਵਿਚ ਕੁੱਲ 152844 ਪਾਣੀ ਦੇ ਕਨੈਕਸ਼ਨ ਹਨ। ਇਨ੍ਹਾਂ ਵਿਚੋਂ 68401 ਕਨੈਕਸ਼ਨ ਪੰਜ ਮਰਲੇ ਤੋਂ ਘੱਟ ਵਾਲੇ ਹਨ। ਇਨ੍ਹਾਂ ਨੂੰ ਸੀਵਰੇਜ ਤੇ ਪਾਣੀ ਦਾ ਕਿਰਾਇਆ ਦੇਣ ਦੀ ਛੋਟ ਹੈ। ਇਸ ਤੋਂ ਇਲਾਵਾ 53313 ਕਨੈਕਸ਼ਨ ਪੰਜ ਤੋਂ ਦਸ ਮਰਲੇ ਅਰਥਾਤ 14900 ਕਨੈਕਸ਼ਨ ਦਸ ਮਰਲੇ ਤੋਂ ਵੱਧ ਵਾਲੇ ਹਨ। 6116 ਕਮਰਸ਼ੀਅਲ ਕਨੈਕਸ਼ਨਾਂ 'ਤੇ ਮੀਟਰ ਲੱਗੇ ਹੋਏ ਹਨ। 6384 ਕਮਰਸ਼ੀਅਲ ਕਨੈਕਸ਼ਨਾਂ ਤੋਂ ਫਲੈਟ ਕਿਰਾਇਆ ਵਸੂਲਿਆ ਜਾ ਰਿਹਾ ਹੈ। ਘਰੇਲੂ ਸ਼੍ਰੇਣੀ ਵਿਚ 2730 ਕਨੈਕਸ਼ਨਾਂ 'ਤੇ ਹੀ ਮੀਟਰ ਲੱਗੇ ਹਨ।