ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ ਸਕੂਲ ਆਫ਼ ਐਂਡ ਕੰਪਿਊਟਰ ਸਾਇੰਸਜ਼ ਵਲੋਂ 'ਸੂਚਨਾ ਤੇ ਸੰਚਾਰ ਤਕਨਾਲੋਜੀ 'ਚ ਭਵਿੱਖੀ ਰੁਝਾਨ' ਵਿਸ਼ੇ ਉੱਪਰ ਇਕ ਰੋਜ਼ਾ ਰਾਸ਼ਟਰੀ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਦਾ ਉਦਘਾਟਨ ਕਰਦੇ ਹੋਏ ਦੇਸ਼ ਭਗਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਐਸਐਸ ਚਹਿਲ ਨੇ ਕਿਹਾ ਕਿ ਵਰਤਮਾਨ ਯੁੱਗ ਸੂਚਨਾ ਤਕਨਾਲੋਜੀ ਦਾ ਯੁੱਗ ਹੈ ਤੇ ਮਨੁੱਖੀ ਜੀਵਨ ਦਾ ਕੋਈ ਵੀ ਅਜਿਹਾ ਖੇਤਰ ਨਹੀਂ ਜੋ ਇਸ ਤੋਂ ਪ੍ਰਭਾਵਿਤ ਨਾ ਹੋਇਆ ਹੋਵੇ। ਵਿੱਦਿਅਕ ਤੇ ਸਨਅਤੀ ਜਗਤ ਦੀ ਪ੍ਰਤੀਨਿਧਤਾ ਕਰਦੇ ਹੋਏ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਪਹੁੰਚੇ 40 ਤੋਂ ਵੱਧ ਡੈਲੀਗੇਟਸ ਨੇ ਇਸ ਕਾਨਫਰੰਸ 'ਚ ਭਾਗ ਲਿਆ ਤੇ ਆਪਣੇ ਪਰਚੇ ਪੇਸ਼ ਕੀਤੇ। ਕੰਪਿਊਟਰ ਵਿਭਾਗ ਦੇ ਵਿਦਿਆਰਥੀ ਇਸ ਕਾਨਫਰੰਸ ਵਿਚ ਵਿਸ਼ੇਸ ਤੌਰ 'ਤੇ ਸ਼ਾਮਲ ਹੋਏ। ਇਸ ਮੌਕੇ ਇਨਟੈਲ ਇੰਡੀਆ ਦੇ ਪਿਯੂਸ਼ ਸ਼ਰਮਾ, ਫ਼ੁਜਿਤਸੁ ਇੰਡੀਆ ਦੇ ਗੌਤਮ ਗਿੱਲ, ਐਕਸਪਰਟ ਰੇਟਿੰਗ ਸੋਲਿਊਸ਼ਲ ਦੇ ਅਧਿਕਾਰੀ ਚਕਸ਼ੂ ਮਦਾਨ ਨੇ ਵਿਦਿਆਰਥੀਆਂ ਨਾਲ ਸੰਚਾਰ ਦੇ ਆਧੁਨਿਕ ਸਾਧਨਾਂ ਤੇ ਭਵਿੱਖ ਦੀਆਂ ਤਕਨੀਕਾਂ ਬਾਰੇ ਵਿਚਾਰਾਂ ਦੀ ਸਾਂਝ ਪਾਈ। ਦੇਸ਼ ਭਗਤ ਯੂਨੀਵਰਸਿਟੀ ਦੀ ਪ੍ਰੋ. ਚਾਂਸਲਰ ਤੇਜਿੰਦਰ ਕੌਰ ਨੇ ਕਿਹਾ ਕਿ ਇਸ ਕਾਨਫਰੰਸ ਦਾ ਉਦੇਸ਼ ਸੂਚਨਾ ਤਕਨਾਲੋਜੀ ਦੇ ਵੱਖ-ਵੱਖ ਖੇਤਰਾਂ 'ਚ ਹੋ ਰਹੀਆਂ ਨਵੀਆਂ ਖੋਜਾਂ ਅਤੇ ਵਿਕਾਸ ਸਬੰਧੀ ਜਾਗਰੂਕਤਾ ਪੈਦਾ ਕਰਨਾ ਹੈ। ਇਸ ਕਾਨਫਰੰਸ ਰਾਹੀਂ ਸਨਅਤ ਦੇ ਪੇਸ਼ਾ ਮਾਹਿਰਾਂ, ਖੋਜੀਆਂ ਅਤੇ ਵਿਦਵਾਨਾਂ ਨੂੰ ਇਸ ਤੇਜ਼ੀ ਨਾਲ ਵਿਕਾਸ ਕਰ ਰਹੇ ਖੇਤਰ ਵਿਚ ਪੈਦਾ ਹੋ ਰਹੇ ਤਾਜ਼ਾ ਰੁਝਾਨਾਂ ਬਾਰੇ ਪ੍ਰਭਾਵਸ਼ਾਲੀ ਵਿਚਾਰ-ਵਟਾਂਦਰਾ ਕਰਨ ਦਾ ਅਵਸਰ ਪ੍ਰਾਪਤ ਹੋਵੇਗਾ। ਦੇਸ਼ ਭਗਤ ਯੂਨੀਵਰਸਿਟੀ ਦੀ ਚਾਂਸਲਰ ਡਾ. ਜ਼ੋਰਾ ਸਿੰਘ ਨੇ ਡੈਲੀਗੇਟਸ ਦਾ ਸਵਾਗਤ ਕਰਦੇ ਹੋਏ ਉਮੀਦ ਪ੍ਰਗਟ ਕੀਤੀ ਕਿ ਉਹ ਵੱਖ-ਵੱਖ ਮੁੱਦਿਆਂ 'ਤੇ ਲਾਭਕਾਰੀ ਵਿਚਾਰ-ਵਟਾਂਦਰਾ ਕਰਨਗੇ। ਉਹਨਾਂ ਕਿਹਾ ਕਿ ਭਵਿੱਖ ਸੂਚਨਾ ਤਕਨਾਲੋਜੀ ਖੇਤਰ ਦਾ ਹੈ ਅਤੇ ਜੀਵਨ 'ਚ ਸਫ਼ਲ ਹੋਣ ਲਈ ਵਿਦਿਆਰਥੀਆਂ ਨੂੰ ਆਪਣੀ ਮਾਹਿਰ ਵਾਲੇ ਖੇਤਰਾਂ ਪੂਰੀ ਮੁਹਾਰਤ ਹਾਸਲ ਕਰਨੀ ਚਾਹੀਦੀ ਹੈ। ਸਮਾਪਤੀ ਸਮਾਰੋਹ ਮੌਕੇ ਡਾ. ਕੰਵਲਜੀਤ ਸਿੰਘ ਡਾਇਰੈਕਟਰ, ਯੂਨੀਵਰਸਿਟੀ ਕੰਪਿਊਟਰ ਸੈਂਟਰ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਅਤੇ ਹਰਦਿਆਲ ਸਿੰਘ ਮਾਨ, ਐਸਐਸਪੀ, ਫਤਹਿਗੜ੍ਹ ਸਾਹਿਬ ਨੇ ਸੰਚਾਰ ਦੇ ਅਤਿ ਆਧੁਨਿਕ ਤੇ ਭਵਿੱਖ ਲਈ ਤਿਆਰ ਹੋ ਰਹੇ ਸਾਧਨਾਂ ਬਾਰੇ ਜਾਣਕਾਰੀ ਦਿੱਤੀ। ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਵਰਿੰਦਰ ਸਿੰਘ ਨੇ ਬਾਹਰ ਤੋਂ ਆਏ ਮਹਿਮਾਨਾਂ ਤੇ ਡੈਲੀਗੇਟਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕਾਨਫਰੰਸ ਆਪਣੇ ਉਦੇਸ਼ਾਂ ਵਿਚ ਪੂਰੀ ਤਰ੍ਹਾਂ ਸਫ਼ਲ ਹੋਈ ਹੈ। ਇਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਦੇ ਪ੍ਰੀਖਿਆ ਕੰਟਰੋਲਰ ਡਾ. ਇੰਦਰਜੀਤ ਸਿੰਘ ਸੇਠੀ, ਡਾਇਰੈਕਟਰ ਇੰਨੋਵੇਸ਼ਨ ਐਂਡ ਪਲਾਨਿੰਗ ਚੇਤਨ ਗੁਪਤਾ ਅਤੇ ਯੂਨੀਵਰਸਿਟੀ ਸਕੂਲਾਂ ਦੇ ਨਿਰਦੇਸ਼ਕ ਤੇ ਸਮੂਹ ਸਟਾਫ਼ ਮੌਜੂਦ ਸੀ।