ਰਾਜਪੁਰਾ : ਰਾਜਪੁਰਾ-ਅੰਬਾਲਾ ਰੋਡ 'ਤੇ ਪੈਂਦੇ ਪਿੰਡ ਮਦਨਪੁਰ-ਚਲਹੇੜੀ ਵਿਖੇ ਕਿਸਾਨਾ ਵੱਲੋਂ ਆਪਣੀ ਜ਼ਮੀਨ ਵਿੱਚ ਬੀਜਿਆ ਹੋਇਆ ਸੂਰਜਮੁਖੀ ਦਾ ਬੀਜ 1 ਮਹੀਨੇ ਦੇ ਕਰੀਬ ਸਮਾਂ ਹੋ ਜਾਣ 'ਤੇ ਨਾ ਜੰਮਣ ਕਾਰਨ ਕਿਸਾਨਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਤੋਂ ਸਬੰਧਤ ਕੰਪਨੀ ਅਤੇ ਬੀਜ ਵਿਕਰੇਤਾਵਾਂ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਪਿੰਡ ਮਦਨਪੁਰ-ਚਲਹੇੜੀ ਦੇ ਅੱਧੀ ਦਰਜਨ ਤੋਂ ਵੱਧ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਲੂਆਂ ਦੀ ਫਸਲ ਤੋਂ ਬਾਅਦ ਆਪਣੇ ਖੇਤਾਂ ਵਿੱਚ ਬੀਜ਼ ਐਨਐਸਐਫਐਚ-36 ਨਾਮਕ ਕੰਪਨੀ ਦਾ ਸੂਰਜਮੁਖੀ ਫਸਲ ਦਾ ਬੀਜ ਅਨਾਜ ਮੰਡੀ ਟਾਊਨ ਸਥਿਤ ਸ਼ਾਮ ਫਰਟੀਲਾਈਜ਼ਰ ਤੇ ਜੀਵਨ ਫਰਟੀਲਾਇਜ਼ਰ ਤੋਂ ਖਰੀਦ ਕੇ ਲਾਇਆ ਸੀ। ਕਿਸਾਨਾਂ ਦੱਸਿਆ ਕਿ ਭਾਵੇਂ ਬੀਜ ਦੀ ਥੈਲੀ 'ਤੇ ਇਸਦਾ ਰੇਟ 900 ਰੁਪਏ ਅੰਕਿਤ ਹੈ ਪਰ ਉਕਤ ਦੁਕਾਨਦਾਰਾਂ ਨੇ ਬੀਜ ਦੀ ਘਾਟ ਹੋਣ ਦਾ ਬਹਾਨਾ ਬਣਾ ਕੇ 1500 ਰੁਪਏ ਪ੫ਤੀ ਥੈਲੀ ਵੇਚਿਆ ਸੀ। ਇਸ ਉਪਰੰਤ ਮਦਨਪੁਰ-ਚਲਹੇੜੀ ਦੇ ਕਿਸਾਨ ਆਪਣੇ ਖੇਤਾਂ ਵਿੱਚ ਜਸਪਾਲ ਸਿੰਘ 30 ਵਿਘੇ, ਮਲਕੀਤ ਸਿੰਘ 20 ਵਿਘੇ, ਰਜਿੰਦਰ ਸਿੰਘ ਨੇ 50 ਵਿਘੇ, ਗਿਆਨ ਸਿੰਘ 20 ਵਿਘੇ, ਅਵਤਾਰ ਸਿੰਘ 15 ਵਿਘੇ, ਜਸਵਿੰਦਰ ਸਿੰਘ 50 ਵਿਘੇ, ਬਲਕਾਰ ਸਿੰਘ 40 ਵਿਘੇ, ਗੁਰਮੇਲ ਸਿੰਘ 15 ਵਿਘੇ, ਬਲਵੀਰ ਸਿੰਘ ਨੇ 30 ਵਿਘੇ ਸੂਰਜਮੁਖੀ ਦਾ ਇਹੀ ਬੀਜ ਬੀਜਿਆ ਸੀ। ਇਸ ਬੀਜ ਨੂੰ ਬੀਜਣ ਲਈ ਖੇਤਾਂ ਦੀ ਵਾਹ ਵਹਾਈ ਤੇ ਡੀਜ਼ਲ ਦੇ ਖਰਚੇ ਤੋਂ ਇਲਾਵਾ ਇਸ ਦੀ ਲੁਆਈ ਤੇ 2 ਹਜ਼ਾਰ ਦੇ ਕਰੀਬ ਪ੫ਤੀ ਏਕੜ ਖਰਚਾ ਵੱਖਰਾ ਆਇਆ ਸੀ। ਕਿਸਾਨਾਂ ਨੇ ਦੱਸਿਆ ਕਿ ਜਦੋਂ ਇਹ ਬੀਜ ਖੇਤਾਂ ਵਿੱਚ ਕਾਫੀ ਸਮਾਂ ਧਰਤੀ ਤੋਂ ਬਾਹਰ ਨਾ ਆਇਆ ਤਾਂ ਉਨ੍ਹਾਂ ਨੇ ਬੀਜ ਵਿਕਰੇਤਾਵਾਂ ਤੇ ਏਜੰਟ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਸਾਨਾ ਨੂੰ ਭਰੋਸਾ ਦਿਤਾ ਕਿ ਕੁਝ ਦਿਨ ਉਡੀਕ ਕਰੋ ਜੇਕਰ ਬੀਜ ਨਾ ਪੁੰਗਰਿਆ ਤਾਂ ਸਬੰਧਤ ਕੰਪਨੀ ਦੇ ਅਧਿਕਾਰੀਆਂ ਨੂੰ ਬੁਲਾ ਕੇ ਮੌਕਾ ਦਿਖਾਇਆ ਜਾਵੇਗਾ। ਕਿਸਾਨਾਂ ਨੇ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਨੂੰ ਪੱਤਰ ਭੇਜ ਇਨਸਾਫ ਦੀ ਮੰਗ ਕੀਤੀ ਹੈ। ਇਸ ਬਾਰੇ ਬੀਜ ਵਿਕਰੇਤਾਵਾਂ ਸ਼ਾਮ ਫਰਟੀਲਾਈਜ਼ਰ ਦੇ ਮਾਲਕ ਸ਼ਾਮ ਸੁੰਦਰ ਵਧਵਾ ਤੇ ਜੀਵਨ ਫਰਟੀਲਾਈਜ਼ਰ ਦੇ ਮਾਲਕ ਜੀਵਨ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਕੰਪਨੀ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿਤਾ ਹੈ। ਉਹ ਆਉਂਦੇ 2 ਦਿਨਾਂ ਵਿੱਚ ਖੇਤਾਂ ਦਾ ਦੌਰਾ ਕਰਨਗੇ। ਇਸ ਸਬੰਧੀ ਬਲਾਕ ਖੇਤੀਬਾੜੀ ਅਫਸਰ ਡਾ. ਦਲਜੀਤ ਸਿੰਘ ਗਿੱਲ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਕੋਈ ਵੀ ਪੱਤਰ ਉਨ੍ਹਾਂ ਕੋਲ ਨਹੀਂ ਪਹੰੁਚਿਆ ਹੈ। ਜੇਕਰ ਸ਼ਿਕਾਇਤ ਆਈ ਤਾਂ ਜਾਂਚ ਕਰਵਾ ਕੇ ਬੀਜ ਵਿਕਰੇਤਾਵਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਘੇ ਕਿਸਾਨ ਆਗੂ ਹਰਿੰਦਰ ਸਿੰਘ ਲਾਖਾ ਤੇ ਕਾਮਰੇਡ ਤਰਲੋਚਨ ਸਿੰਘ ਨੇ ਕਿਹਾ ਕਿ ਇਨ੍ਹਾਂ ਪੀੜ੍ਹਤ ਕਿਸਾਨਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਜੇਕਰ ਬੀਜ ਵਿਕਰੇਤਾ ਤੇ ਕੰਪਨੀਆਂ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਨਹੀਂ ਕਰਦੀਆਂ ਤਾਂ ਹਰ ਪ੫ਕਾਰ ਦਾ ਸੰਘਰਸ਼ ਕਰਕੇ ਕਿਸਾਨਾਂ ਨੂੰ ਇਨਸਾਫ ਦੁਆਇਆ ਜਾਵੇਗਾ।