-ਚਾਰ ਕਰੋੜ ਰੁਪਏ ਦੇ ਘੁਟਾਲੇ 'ਚ ਸਤਬੀਰ ਕਾਦਿਆਨ ਸਮੇਤ ਪੰਜ ਲੋਕਾਂ ਨੂੰ ਸਜ਼ਾ ਤੇ ਜੁਰਮਾਨਾ-

-ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੁਣਾਇਆ ਫੈਸਲਾ, ਛੇਵੇਂ ਦੋਸ਼ੀ ਦੀ ਹੋ ਚੁੱਕੀ ਹੈ ਮੌਤ

----

ਜੇਐੱਨਐੱਨ (ਨਵੀਂ ਦਿੱਲੀ/ਪਾਨੀਪਤ) : ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਦੀ ਸਰਕਾਰ ਦੇ ਕਾਰਜਕਾਲ 'ਚ ਵਿਧਾਨ ਸਭਾ ਪ੍ਰਧਾਨ ਰਹੇ ਸਤਬੀਰ ਕਾਦਿਆਨ ਨੂੰ ਇਫਕੋ ਰੇਟ ਇੰਟਰੇਸਟ ਘੁਟਾਲੇ 'ਚ ਕੜਕੜਡੂਮਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸੱਤ ਸਾਲ ਦੀ ਜੇਲ੍ਹ ਤੇ 50 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ 'ਚ ਮੁਖ ਦੋਸ਼ੀ 66 ਸਾਲਾ ਸਤਬੀਰ ਕਾਦਿਆਨ ਸਮੇਤ 6 ਲੋਕ ਦੋਸ਼ੀ ਸਨ। ਇਨ੍ਹਾਂ 'ਚ ਇਕ ਦੋਸ਼ੀ ਹਰਸ਼ਦ ਮੇਹਤਾ ਦੀ ਸੁਣਵਾਈ ਦੌਰਾਨ 2002 'ਚ ਮੌਤ ਹੋ ਗਈ ਸੀ। ਬਾਕੀ ਸਾਰਿਆਂ ਨੂੰ ਦੋ ਤੋਂ ਸੱਤ ਸਾਲ ਦੀ ਸਜ਼ਾ ਸੁਣਾਉਣ ਦੇ ਨਾਲ 50 ਹਜ਼ਾਰ ਤੋਂ 50 ਲੱਖ ਤਕ ਦਾ ਜੁਰਮਾਨਾ ਲਗਾਇਆ ਗਿਆ ਹੈ।

ਸਤਬੀਰ ਕਾਦਿਆਨ 'ਤੇ ਇੰਡੀਅਨ ਫਾਰਮਰਜ਼ ਫਰਟੀਲਾਇਜ਼ਰ ਕੋਆਪਰੇਟਿਵ ਲਿਮਟਡ (ਇਫਕੋ) ਦਾ ਚੇਅਰਮੈਨ ਰਹਿੰਦੇ ਹੋਏ ਚਾਰ ਕਰੋੜ ਰੁਪਏ ਦਾ ਘਪਲਾ ਕਰਨ ਤੇ ਰੇਟ ਇੰਟਰੇਸਟ ਘੁਟਾਲੇ ਦਾ ਦੋਸ਼ ਸੀ। ਬੀਤੇ ਸ਼ਨਿਚਰਵਾਰ ਨੂੰ ਅਦਾਲਤ ਨੇ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਸੀਬੀਆਈ ਦੇ ਵਿਸ਼ੇਸ਼ ਜੱਜ ਜਤਿੰਦਰ ਕੁਮਾਰ ਮਿਸ਼ਰਾ ਨੇ ਹੋਰ ਦੋਸ਼ੀਆਂ 'ਚੋਂ 64 ਸਾਲਾ ਅਨਿਲ ਕੁਮਾਰ ਮਲਹੋਤਰਾ ਨੂੰ ਸੱਤ ਸਾਲ ਦੀ ਜੇਲ੍ਹ ਸਮੇਤ 25 ਲੱਖ ਦਾ ਜੁਰਮਾਨਾ ਲਗਾਇਆ। 70 ਸਾਲਾ ਸੁਨੀਲ ਗੋਰਾਵਰਾ ਨੂੰ ਸੱਤ ਸਾਲ ਜੇਲ੍ਹ ਸਮੇਤ 10 ਲੱਖ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ। 64 ਸਾਲ ਦੇ ਵਿਨਾਇਕ ਦੇਓਸਥਲੀ ਨੂੰ ਸੱਤ ਸਾਲ ਦੀ ਜੇਲ੍ਹ ਤੇ 5 ਲੱਖ ਦਾ ਜੁਰਮਾਨਾ ਲਗਾਇਆ ਗਿਆ। ਅਦਾਲਤ ਨੇ ਕਿਹਾ ਕਿ ਜੇਕਰ ਇਨ੍ਹਾਂ 'ਚੋਂ ਕੋਈ ਜੁਰਮਾਨਾ ਨਹੀਂ ੂਭਰਦਾ ਹੈ ਤਾਂ ਉਨ੍ਹਾਂ ਨੂੰ 21 ਮਹੀਨੇ ਹੋਰ ਜੇਲ੍ਹ 'ਚ ਰਹਿਣ ਹੋਵੇਗਾ। ਸਭ ਤੋਂ ਵਧ ਉਮਰ ਵਾਲੇ 84 ਸਾਲਾ ਦੋਸ਼ੀ ਕਰੁਣਾਪਤੀ ਪਾਂਡੇ ਨੂੰ ਘੱਟ ਭੂਮਿਕਾ ਤੇ ਉਮਰ ਨੂੰ ਦੇਖਦੇ ਹੋਏ ਦੋ ਸਾਲ ਦੀ ਸਜ਼ਾ ਸਮੇਤ 50 ਹਜ਼ਾਰ ਦਾ ਜੁਰਮਾਨਾ ਲਗਾਇਆ, ਜਿਸ ਦਾ ਭੁਗਤਾਨ ਨਾ ਹੋਣ 'ਤੇ ਉਨ੍ਹਾਂ ਨੂੰ 6 ਮਹੀਨੇ ਹੋਰ ਜੇਲ੍ਹ 'ਚ ਰਹਿਣਾ ਹੋਵੇਗਾ।