ਸੁਖਜੀਤ ਕੁਮਾਰ, ਕਿਸ਼ਨਗੜ੍ਹ : ਪੰਜਾਬ ਸਰਕਾਰ ਜ਼ਿਲ੍ਹੇ-ਜ਼ਿਲ੍ਹੇ 'ਚ ਸੇਰੀਟੇਰੀਅਮ ਸਕੂਲ ਖੋਲਣ ਦੇ ਦਅਵੇ ਕਰ ਰਹੀ ਹੈ। ਉਥੇ ਦੂਸਰੇ ਪਾਸੇ ਪੰਜਾਬ ਦੇ ਕਈ ਅਜਿਹੇ ਸਰਕਰੀ ਸਕੂਲ ਵੀ ਹਨ ਜੋ ਲੈਕਚਰਾਰਾਂ ਅਤੇ ਅਧਿਆਪਕਾਂ ਦੀਆਂ ਆਸਾਮੀਆਂ ਤੋਂ ਸੱਖਣੇ ਹਨ। ਇਨ੍ਹਾਂ ਸਕੂਲਾਂ 'ਚੋਂ ਇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਾੜੀ ਹੈ ਜੋ ਜ਼ਿਲ੍ਹਾ ਜਲੰਧਰ ਵਿਚ ਪੈਂਦਾ ਹੈ। ਜਿੱਥੇ ਲੈਕਚਰਾਰ ਪੱਧਰ ਦੀਆਂ ਪੰਜ ਆਸਾਮੀਆਂ ਅਤੇ ਪੰਜਾਬੀ ਤੇ ਹਿਸਾਬ ਦੇ ਅਧਿਆਪਕਾਂ ਦੀਆਂ ਆਸਾਮੀਆਂ ਖਾਲੀ ਪਈਆਂ ਹਨ। ਇਹ ਸਕੂਲ ਕਿਸੇ ਸਮੇਂ ਖੇਡਾਂ ਅਤੇ ਪੜ੍ਹਾਈ 'ਚ ਨੰਬਰ ਇਕ ਹੋਇਆ ਕਰਦਾ ਸੀ। ਪਰੰਤੂ ਹੁਣ ਉਕਤ ਆਸਾਮੀਆਂ ਦੀ ਘਾਟ ਕਾਰਣ ਦਿਨ-ਬ-ਦਿਨ ਪੜ੍ਹਾਈ 'ਚ ਥੱਲੇ ਡਿੱਗ ਰਿਹਾ ਹੈ। ਇਸ ਸਕੂਲ ਦੇ ਬੱਚੇ ਜੋ ਘਰਾਂ ਵਿਚੋਂ ਆਪਣੇ ਸੁੰਦਰ ਭਵੱਖ ਲਈ ਸਕੂਲ ਪੜ੍ਹਣ ਲਈ ਜਾਂਦੇ ਹਨ ਪਰੰਤੂ ਉਨ੍ਹਾਂ ਦੇ ਕੁੱਲ ਲੱਗਣ ਵਾਲੇ ਪੀਰੀਅਡਾਂ ਵਿਚੋਂ ਕੇਵਲ 2-3 ਪੀਰੀਅਡ ਹੀ ਲੱਗਦੇ ਹਨ ਬਾਕੀ ਪੀਰੀਅਡਾਂ 'ਚ ਉਹ ਕਲਾਸ ਦੇ ਕਮਰਿਆਂ 'ਚ ਨੱਚ-ਟੱਪ ਕੇ ਮੌਜ ਮਸਤੀ ਕਰਕੇ ਵਾਪਸ ਘਰਾਂ ਨੂੰ ਆ ਜਾਂਦੇ ਹਨ। ਸਰਕਾਰ ਨੂੰ ਥੋੜ੍ਹਾ ਜਿਹਾ ਸੋਚਣ ਦੀ ਲੋੜ ਹੈ ਕਿ ਇਸ ਸਕੂਲ ਦੇ ਬੱਚੇ ਅੱਗੇ ਜਾ ਕੇ ਕੀ ਸਕੂਲ ਦਾ ਨਾਂ ਰੌਸ਼ਨ ਕਰਨਗੇ। ਇਸ ਸਬੰਧੀ ਬੱਚਿਆਂ ਦੇ ਮਾਂ ਬਾਪ ਵੀ ਡਾਢੇ ਚਿੰਤਾ 'ਚ ਹਨ ਅਤੇ ਉਹ ਕਿਸੇ ਤਰ੍ਹਾਂ ਇਸ ਸਾਲ ਦਾ ਸ਼ੈਸਨ ਬੱਚਿਆਂ ਨੂੰ ਪੂਰਾ ਕਰਵਾ ਰਹੇ ਹਨ ਅਤੇ ਅਗਲੇ ਹੀ ਕਲਾਸ ਕਿਸੇ ਦੂਸਰੇ ਸਕੂਲ 'ਚ ਕਰਵਾਉਣ ਲਈ ਮਜਬੂਰ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਕੂਲ 'ਚ ਪੰਜ ਹੀ ਲੈਚਰਾਰਾਂ ਦੀਆਂ ਆਸਾਮੀਆਂ ਹਨ ਜੋ ਪੂਰੀਆਂ ਹੀ ਖਾਲੀ ਹਨ। ਅਧਿਆਪਕ ਹੀ ਗਿਆਰਵੀਂ ਤੇ ਬਾਰਹਵੀਂ ਦੀਆਂ ਕਲਾਸਾਂ ਲੈ ਕੇ ਖਾਨਾਪੂਰਤੀ ਕਰ ਰਹੇ ਹਨ।