ਪੀਬੀਟੀਟੀ212ਏਬੀਸੀਡੀਈਐੱਫਜੀ

ਮੁੱਦਾ

-3500 ਏਕੜ ਜ਼ਮੀਨ ਦਾ ਰਿਕਾਰਡ ਹੋਇਆ ਗਾਇਬ

-ਮਰ ਚੁੱਕੇ ਬਜ਼ੁਰਗਾਂ ਦੇ ਨਾਂ 'ਤੇ ਬੋਲਣ ਲੱਗੀਆਂ ਪਿੰਡ ਦੀਆਂ ਕਰੋੜਾਂ ਦੀਆਂ ਜ਼ਮੀਨਾਂ

-ਕਿਸਾਨ ਸੰਘਰਸ਼ ਕਮੇਟੀ ਨੇ ਉਠਾਇਆ ਮਾਮਲਾ

-ਨਟਵਾਰ ਲਾਲ ਪਟਵਾਰੀ ਬਣਿਆ ਮਾਲ ਮਹਿਕਮੇ ਦੇ ਗਲੇ ਦੀ ਹੱਡੀ

ਧਰਮਵੀਰ ਮਲਹਾਰ, ਤਰਨਤਾਰਨ

ਐਂਵੇ ਨਹੀਂ ਕਹਿੰਦੇ.... 'ਕਿ ਤੂੰ ਕਿਹੜਾ ਪਟਵਾਰੀ ਲੱਗਿਆਂ ਜਿਹੜਾ ਸਾਡੀ ਜ਼ਮੀਨ ਬੈਅ ਕਰ ਲਏਂਗਾ.....' ਇਹ ਅਖਾਣ ਕਿਸੇ ਵੱਲੋਂ ਲਗਾਤਾਰ ਦਬਕਾਏ ਜਾਣ 'ਤੇ ਅਕਸਰ ਬੋਲਿਆ ਜਾਣ ਵਾਲਾ ਹੈ ਜਿਸ ਤੋਂ ਮਾਝੇ ਦੇ ਲੋਕ ਚੰਗੀ ਤਰ੍ਹਾਂ ਜਾਣੂ ਹਨ। ਇਹ ਸਾਰੀਆਂ ਗੱਲਾਂ ਢੁੱਕਦੀਆਂ ਹਨ ਤਰਨਤਾਰਨ ਜ਼ਿਲੇ ਦੇ ਪਿੰਡ ਸ਼ੇਰੋਂ 'ਤੇ। ਇਸ ਪਿੰਡ ਦੀ ਅਰਬਾਂ ਦੀ ਜਾਇਦਾਦ 'ਤੇ ਇੱਕ ਪਟਵਾਰੀ ਦੀ ਅਜਿਹੀ ਮਾਰ ਪਈ ਕਿ ਆਪਣੀ ਹੱਥੀਂ ਜ਼ਮੀਨਾਂ ਜਾਇਦਾਦਾਂ ਪੁੱਤਾਂ ਨੂੰ ਵੰਡਣ ਤੋਂ ਬਾਅਦ ਸਵਰਗ ਸੁਧਾਰ ਚੁੱਕੇ ਬਜ਼ੁਰਗਾਂ ਦੇ ਨਾਂਅ 'ਤੇ ਦੁਬਾਰਾ ਜ਼ਮੀਨਾਂ ਬੋਲਣ ਲੱਗ ਪਈਆਂ ਹਨ ਜਿਸ ਕਾਰਨ ਪਿੰਡ ਵਿੱਚ ਸਿਰ ਵੱਢਵੇਂ ਵੈਰ ਚਿਰ ਚੜ੍ਹ ਬੋਲਣ ਲੱਗੇ ਹਨ। ਪਟਵਾਰੀ ਵੱਲੋਂ ਕੀਤਾ ਗਿਆ ਘਾਲਾ-ਮਾਲਾ ਜਿੱਥੇ ਸਾਰੇ ਪਿੰਡ ਦੇ ਜ਼ਿਮੀਂਦਾਰਾਂ ਨੂੰ ਹਜ਼ਮ ਨਹੀਂ ਹੋ ਰਿਹਾ ਉੱਥੇ ਮਾਲ ਮਹਿਕਮੇ ਲਈ ਇਹ ਪਟਵਾਰੀ ਤਗੜੀ ਸਿਰਦਰਦੀ ਬਣਿਆ ਹੋਇਆ ਹੈ।

ਮਾਲ ਮਹਿਕਮੇ ਦੀ ਗੱਲ ਕਰੀਏ ਤਾਂ ਸਾਲ 1992-93 'ਚ ਕਸ਼ਮੀਰ ਸਿੰਘ ਨਾਂਅ ਦਾ ਪਟਵਾਰੀ ਤਾਇਨਾਤ ਸੀ। ਜਿਸ ਤੋਂ ਬਾਅਦ ਗੁਰਵਿੰਦਰ ਸਿੰਘ ਨਾਂਅ ਦੇ ਪਟਵਾਰੀ ਨੇ ਅਜਿਹਾ ਚਾਰਜ ਸਾਂਭਿਆ ਕਿ ਮਾਲ ਵਿਭਾਗ ਦਾ ਸਾਰਾ ਰਿਕਾਰਡ ਹੀ ਸਾਂਭ ਲਿਆ। ਇਸ ਪਟਵਾਰੀ ਨੇ ਸਾਲ 1992-93 ਤੋਂ ਬਾਅਦ ਦਾ ਸਾਰਾ ਮਾਲੀਆ (ਪੜਤ ਪੜਤਾਲ ਤੇ ਪੜਤ ਸਰਕਾਰ) ਗਾਇਬ ਕਰ ਦਿੱਤਾ। ਜਿਸ ਦਾ ਖੁਲਾਸਾ ਪਿੰਡ ਦੇ ਉੱਦਮੀ ਕਿਸਾਨ ਸੁਖਵਿੰਦਰ ਸਿੰਘ ਵੱਲੋਂ ਆਪਣੀ ਜ਼ਮੀਨ ਦੇ ਰਿਕਾਰਡ ਨੂੰ ਵਾਚਣ ਤੋਂ ਹੋਇਆ। ਪਟਵਾਰੀ ਦੀ ਕਾਰਗੁਜ਼ਾਰੀ ਦਾ ਭੇਦ ਖੁੱਲਾ ਤਾਂ ਮਾਲ ਵਿਭਾਗ ਨੇ ਪਹਿਲਾਂ ਘੇਸ ਵੱਟੀ ਰੱਖੀ ਬਾਅਦ 'ਚ ਪਿੰਡ ਦੇ ਕਿਸਾਨਾਂ ਨੇ ਆਪਣੀ ਲੁੱਟੀ ਪੁੱਟੀ ਜਾ ਰਹੀ ਜ਼ਮੀਨ ਦਾ ਜਦੋਂ ਵਾਸਤਾ ਪਾਇਆ ਤਾਂ ਗੁਰਵਿੰਦਰ ਸਿੰਘ ਨੂੰ 15 ਜੁਲਾਈ 2010 ਨੂੰ ਸਸਪੈਂਡ ਕਰਕੇ ਅਗਲੇ ਦਿਨ ਅਮਨਿੰਦਰ ਸਿੰਘ ਨਾਂ ਦਾ ਪਟਵਾਰੀ ਤਾਇਨਾਤ ਕਰ ਦਿੱਤਾ ਗਿਆ। ਪਿੰਡ ਦੇ ਕਰੀਬ 3500 ਏਕੜ ਉਪਜਾਊ ਜ਼ਮੀਨ ਦਾ ਰਿਕਾਰਡ ਖੁਰਦ ਬੁਰਦ ਹੋਣ ਦਾ ਪਤਾ ਉਸ ਵੇਲੇ ਲੱਗਾ ਜਦੋਂ ਪਿੰਡ ਦੇ ਬਜ਼ੁਰਗਾਂ ਨੇ ਆਪਣੀ ਮੌਤ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਜ਼ਮੀਨਾਂ ਦੇ ਟੋਟੇ ਵੰਡ ਕੇ ਉਨ੍ਹਾਂ ਦੇ ਨਾਂਅ ਕਰ ਦਿੱਤੇ ਸਨ।

ਪਟਵਾਰੀ ਖਿਲਾਫ ਪਿੰਡ ਦੇ ਕਰੀਬ 4 ਦਰਜਨ ਤੋਂ ਵੱਧ ਕਿਸਾਨਾਂ ਨੇ ਹਲਫੀਆ ਬਿਆਨ ਦਿੱਤੇ ਤਾਂ ਪਟਵਾਰੀ ਦੇ ਖਿਲਾਫ ਥਾਣਾ ਸਰਹਾਲੀ ਦੀ ਪੁਲਸ ਨੇ ਇੱਕ ਧੋਖਾਧੜੀ ਅਤੇ ਭਿ੫ਸ਼ਟਾਚਾਰ ਰੋਕੂ ਮੁਕੱਦਮਾ ਦਰਜ ਕੀਤਾ। ਇਹ ਮੁਕੱਦਮਾ 22 ਜੂਨ 2012 ਨੂੰ ਦਰਜ ਹੁੰਦਿਆਂ ਹੀ ਪਟਵਾਰੀ ਨੇ ਆਪਣੇ ਸਿਆਸੀ ਅਕਾਵਾਂ ਦਾ ਪੂਰਾ ਪੂਰਾ ਫਾਇਦਾ ਲੈਂਦਿਆ ਪੁਲਸ ਪ੍ਰਸ਼ਾਸਨ ਨੂੰ ਕਈ ਮਹੀਨੇ ਟਿੱਚ ਹੀ ਜਾਣੀ ਰੱਖਿਆ। ਭਾਵੇਂ ਕਿ ਉਕਤ ਪਟਵਾਰੀ ਦੇ ਖਿਲਾਫ ਪੁਲਸ ਵੱਲੋਂ 20 ਅਪ੍ਰੈਲ 2011 ਨੂੰ ਕਰੋੜਾਂ ਰੁਪਏ ਦੀਆਂ ਜ਼ਮੀਨਾਂ ਦੀਆਂ ਜਮਾਂਬੰਦੀਆਂ ਦੇ ਰਿਕਾਰਡ 'ਚ ਹੇਰਾਫੇਰੀ ਕਰਨ ਦਾ ਪਰਚਾ ਦਰਜ ਕੀਤਾ ਗਿਆ ਸੀ।

ਪਿੰਡ ਦੇ ਕਿਸਾਨ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਸੁਲੱਖਣ ਸਿੰਘ ਦੀ ਵਿਰਾਸਤ ਦਾ ਇੰਤਕਾਰ 6697 ਮਨਜ਼ੂਰ ਕੀਤਾ ਗਿਆ ਸੀ। ਇੰਤਕਾਲ ਤੋਂ ਬਾਅਦ ਕਸ਼ਮੀਰ ਸਿੰਘ ਨੇ ਓਰੀਐਂਟਲ ਬੈਂਕ ਆਫ ਕਾਮਰਸ ਤੋਂ ਲਿਮਟ ਬਣਾਈ। ਪਟਵਾਰੀ ਕੋਲੋਂ ਪੜਤਾਲ ਕਰਾਉਣ ਲਈ ਉਸ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਵੀ ਦਿੱਤੀ। ਪਟਵਾਰੀ ਵਲੋਂ ਮਨਜ਼ੂਰ ਕੀਤੇ ਜਮਾਂਬੰਦੀ ਦੀ ਨਕਲ ਦਿੱਤੀ ਗਈ ਪਰ ਬਾਅਦ ਵਿੱਚ ਪਟਵਾਰੀ ਦੀ ਕਾਰਗੁਜ਼ਾਰੀ ਕਾਰਨ ਗਾਇਬ ਹੋਏ ਮਾਲ ਵਿਭਾਗ ਦੇ ਰਿਕਾਰਡ ਦਾ ਨਤੀਜਾ ਇਹ ਨਿਕਲਿਆ ਕਿ ਜ਼ਮੀਨ ਫਿਰ ਉਸਦੇ ਪਿਤਾ ਦੇ ਨਾਂਅ 'ਤੇ ਹੀ ਬੋਲ ਰਹੀ ਹੈ। ਇਸੇ ਤਰ੍ਹਾਂ ਸੁਰਮੁਖ ਸਿੰਘ ਪੁੱਤਰ ਗੁਰਮੁਖ ਸਿੰਘ ਦੀ ਮੌਤ ਨੂੰ ਭਾਵੇਂ ਇੱਕ ਸਾਲ ਹੋ ਚੁੱਕਾ ਹੈ ਪ੍ਰੰਤੂ ਇੰਤਕਾਲ ਨੰਬਰ 6324, 6604, 6605, 6252, 6284 ਵਿੱਚ ਵੀ ਹੇਰਾਫੇਰੀ ਜੱਗ-ਜਾਹਿਰ ਹੋ ਰਹੀ ਹੈ।

ਬਾਕਸ

ਸਸਪੈਂਡ ਹੋਣ ਤੋਂ ਬਾਅਦ ਵੀ ਕਰਦਾ ਰਿਹਾ ਕੰਮ

ਪਿੰਡ ਦੀ ਪੰਚਾਇਤ ਵਲੋਂ ਲਿਖਤੀ ਦਸਤਾਵੇਜਾਂ ਸਮੇਤ ਜੋ ਸ਼ਿਕਾਇਤ ਦਿੱਤੀ ਗਈ, ਉਸ ਮੁਤਾਬਕ ਗੁਰਵਿੰਦਰ ਸਿੰਘ ਪਟਵਾਰੀ ਇੱਕ ਸਾਲ ਤੱਕ ਸਸਪੈਂਡ ਰਹਿਣ ਦੌਰਾਨ ਨਿਯੁਕਤ ਕੀਤੇ ਪਟਵਾਰੀ ਅਮਨਿੰਦਰ ਸਿੰਘ ਦੇ ਨਾਲ ਬੈਠ ਕੇ ਜਮਾਂਬੰਦੀਆਂ ਤਿਆਰ ਕਰਦਾ ਰਿਹਾ।

ਬਾਕਸ

ਰੱਜੇ-ਪੁੱਜੇ ਘਰਾਂ ਦੇ ਕਈ ਜ਼ਿਮੀਂਦਾਰ ਹੋ ਰਹੇ ਨੇ ਖੱਜਲ ਖੁਆਰ

ਕਿਸਾਨ ਸੁਖਵਿੰਦਰ ਸਿੰਘ, ਬਲਦੇਵ ਸਿੰਘ, ਕਸ਼ਮੀਰ ਸਿੰਘ, ਰਜਿੰਦਰ ਸਿੰਘ, ਕਾਬਲ ਸਿੰਘ, ਸਰਬਜੀਤ ਸਿੰਘ, ਕਸ਼ਮੀਰ ਸਿੰਘ ਮਾਸਟਰ, ਹਰਬੰਸ ਸਿੰਘ, ਗੁਲਜਾਰ ਸਿੰਘ ਮੈਂਬਰ ਪੰਚਾਇਤ, ਪ੍ਰਗਟ ਸਿੰਘ ਮੈਂਬਰ ਪੰਚਾਇਤ, ਸੋਨਾ ਸਿੰਘ ਸਰਪੰਚ, ਰਾਜ ਸਿੰਘ, ਕਸ਼ਮੀਰ ਸਿੰਘ, ਗੁਰਦਿਆਲ ਸਿੰਘ, ਬਚਿੱਤਰ ਸਿੰਘ ਨੇ ਦੱਸਿਆ ਕਿ ਪਟਵਾਰੀ ਦੀ ਇਸ ਕਾਰਗੁਜ਼ਾਰੀ ਨੇ ਪਿੰਡ ਦੇ ਰੱਜੇਪੁੱਜੇ ਜਿਮੀਦਾਰਾਂ ਨੂੰ ਕੱਖੋਂ ਹੌਲਿਆਂ ਕਰਕੇ ਰੱਖ ਦਿੱਤਾ ਹੈ ਅਤੇ ਪਿੰਡ ਦਾ ਮਾਲੀਆ ਰਿਕਾਰਡ 20 ਸਾਲ ਤੋਂ ਵੀ ਜ਼ਿਆਦਾ ਪਿੱਛੇ ਪੈ ਗਿਆ ਹੈ।

ਬਾਕਸ

ਹੋਰ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਨਹੀਂ ਹੋਵੇਗਾ ਲਿਹਾਜ : ਡੀਸੀ

ਡਿਪਟੀ ਕਮਿਸ਼ਨਰ ਹਰਮੇਸ਼ ਸਿੰਘ ਪਾਬਲਾ ਦਾ ਕਹਿਣਾ ਹੈ ਕਿ

ਰਿਕਾਰਡ ਨੂੰ ਮੁੱਢੋਂ ਗਾਇਬ ਕਰਨ ਵਾਲੇ ਇਸ ਪਟਵਾਰੀ ਦੇ ਨਾਲ ਜੇਕਰ ਵਿਭਾਗ ਦਾ ਕੋਈ ਹੋਰ ਅਧਿਕਾਰੀ ਭਾਗੀਦਾਰ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

मोबाइल पर ताजा खबरें, फोटो, वीडियो व लाइव स्कोर देखने के लिए जाएं m.jagran.com पर