ਮੋਹਾਲੀ : ਪਿਛਲੇ ਲੰਮੇ ਸਮੇਂ ਤੋਂ ਅੱਤਵਾਦ ਦੀ ਮਾਰ ਝੱਲ ਰਹੇ ਜੰਮੂ ਕਸ਼ਮੀਰ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਦੇ ਹੁਨਰ ਨੂੰ ਤਰਾਸ਼ ਕੇ ਰੁਜ਼ਗਾਰਯੋਗ ਬਨਾਉਣ ਲਈ ਭਾਰਤ ਸਰਕਾਰ ਸਮੇਤ ਪ੍ਰਮੁੱਖ ਅਦਾਰਿਆਂ ਵਲੋਂ ਯਤਨ ਆਰੰਭੇ ਗਏ ਹਨ। ਇਸੇ ਹੀ ਮੰਤਵ ਤਹਿਤ ਭਾਰਤ ਸਰਕਾਰ ਦੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਓ. ਐਨ. ਜੀ. ਸੀ. ਤੇ ਪੰਜਾਬ ਦੀ ਮੋਹਰੀ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਗੁਆਂਢੀ ਰਾਜ ਦੇ ਨੌਜਵਾਨਾਂ ਦੀ ਭਲਾਈ ਦਾ ਬੀੜਾ ਚੁੱਕਿਆ ਹੈ। ਓ. ਐਨ. ਜੀ. ਸੀ. ਤੇ ਚੰਡੀਗੜ੍ਹ ਯੂਨੀਵਰਸਿਟੀ ਨੇ ਸਾਂਝੇ ਉਪਰਾਲੇ ਤਹਿਤ ਪ੍ਰੋਜੈਕਟ ਓਡਾਨ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਜੰਮੂ ਕਸ਼ਮੀਰ ਦੇ ਡਿਗਰੀਆਂ ਪ੍ਰਾਪਤ ਕਰ ਚੁੱਕੇ ਪਰ ਬੇਰੁਜ਼ਗਾਰ ਨੌਜਵਾਨਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦੇ ਕੇ ਰੁਜ਼ਗਾਰ ਦੇ ਯੋਗ ਬਣਾਇਆ ਜਾ ਰਿਹਾ ਹੈ। ਏਨਾ ਹੀ ਨਹੀਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਇਨ੍ਹਾਂ ਨੌਜਵਾਨਾਂ ਦਾ ਹੁਨਰ ਤਰਾਸ਼ ਕੇ ਚੰਗੀਆਂ ਕੰਪਨੀਆਂ ਵਿਚ ਰੁਜ਼ਗਾਰ ਮੁਹੱਈਆ ਕਰਵਾਉਣ ਦਾ ਵੀ ਬੀੜਾ ਚੁੱਕਿਆ ਹੈ। ਇਸ ਸਕੀਮ ਤਹਿਤ 'ਵਰਸਿਟੀ ਤੇ ਓ.ਐਨ. ਜੀ. ਸੀ. ਵਲੋਂ ਦਾਖਲ ਕੀਤੇ ਗਏ 35 ਬੱਚਿਆਂ ਦੇ ਪਹਿਲੇ ਬੈਚ ਦੀ ਪ੍ਰੀ ਪਲੇਸਮੈਂਟ ਟ੍ਰੇਨਿੰਗ ਮੁਕੰਮਲ ਹੋ ਚੁੱਕੀ ਹੈ ਤੇ ਇਨ੍ਹਾਂ ਵਿਚੋਂ ਲਗਭਗ 50 ਪ੍ਰਤੀਸ਼ਤ ਵਿਦਿਆਰਥੀਆਂ ਨੂੰ ਢੁੱਕਵੇਂ ਪਲੇਸਮੈਂਟ ਅਵਸਰ ਵੀ ਪ੍ਰਦਾਨ ਕੀਤੇ ਜਾ ਚੁੱਕੇ ਹਨ। ਇਸ ਦੇ ਪਹਿਲੇ ਬੈਚ ਦੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇ ਪਰਮਾਣ ਪੱਤਰ ਦਿੰਦੇ ਹੋਏ ਓ. ਐਨ. ਜੀ. ਸੀ. ਦੇ ਜਰਨਲ ਮੈਨੇਜਰ (ਮਨੁੱਖੀ ਵਸੀਲੇ) ਸ੍ਰੀਮਤੀ ਓ. ਪੀ. ਸੁਆਨ ਨੇ ਆਖਿਆ ਕਿ ਜੰਮੂ ਕਸ਼ਮੀਰ ਭਾਰਤ ਦਾ ਅਹਿਮ ਅੰਗ ਹੈ ਤੇ ਪੂਰੇ ਦੇਸ਼ ਦਾ ਫ਼ਰਜ਼ ਬਣਦਾ ਹੈ ਕਿ ਉਹ ਇਨ੍ਹਾਂ ਅੱਤਵਾਦ ਦਾ ਸੰਤਾਪ ਹੰਢਾਅ ਰਹੇ ਲੋਕਾਂ ਦੀ ਬਿਹਤਰੀ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਓ. ਐਨ. ਜੀ. ਸੀ. ਨੇ ਇਸੇ ਲਈ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨਾਲ ਹੱਥ ਮਿਲਾਇਆ ਹੈ ਤੇ ਇਸ ਤੋਂ ਇਲਾਵਾ 37 ਹੋਰ ਬਹੁ-ਕੌਮੀ ਕੰਪਨੀਆਂ ਇਸ ਪ੍ਰੋਜੈਕਟ ਨਾਲ ਜੁੜ ਕੇ ਇਸਦੀ ਸਫਲਤਾ 'ਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਉਪ ਕੁਲਪਤੀ ਡਾ. ਆਰ. ਐਸ. ਬਾਵਾ ਨੇ ਆਖਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਮਿਆਰੀ ਵਿੱਦਿਆ ਪ੍ਰਦਾਨ ਕਰਨ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ਵਿਚ ਵੀ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਪ੍ਰੋ-ਉਪ ਕੁਲਪਤੀ ਡਾ. ਬੀ. ਐਸ. ਸੋਹੀ ਨੇ ਇਸ ਮੌਕੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ 23 ਸਤੰਬਰ ਤੋਂ ਉਡਾਨ ਦਾ ਦੂਸਰਾ ਬੈਚ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਲਈ ਰਜਿਸਟ੫ੇਸ਼ਨ ਦੀ ਪ੍ਰਕ੍ਰਿਆ ਮੁਕੰਮਲ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਵਿਚ ਇਲੈਕਟ੍ਰੀਕਲ, ਮਕੈਨੀਕਲ, ਕੰਪਿਊਟਰ ਸਾਇੰਸ ਤੇ ਆਈ. ਟੀ. ਵਿਸ਼ਿਆਂ ਦੇ ਜੰਮੂ ਦੇ 120 ਤੇ ਕਸ਼ਮੀਰ ਦੇ 40 ਕੁੱਲ 160 ਵਿਦਿਆਰਥੀ ਸਿਖਲਾਈ ਹਾਸਲ ਕਰਨਗੇ।