ਸੀਟੀਪੀ102 - ਫੜੇ ਗਏ ਵਿਅਕਤੀ ਨਾਲ ਏਐੱਸਆਈ ਜੰਗ ਬਹਾਦਰ ਸਿੰਘ ਚੌਕੀ ਇੰਚਾਰਜ ਲਸਾੜਾ ਤੇ ਪੁਲਿਸ ਪਾਰਟੀ।

ਲਾਲਕਮਲ, ਅੱਪਰਾ :

ਲਸਾੜਾ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਤੇ ਟੀਕਿਆਂ ਸਮੇਤ ਗਿ੍ਰਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐੱਸਆਈ ਜੰਗ ਬਹਾਦਰ ਸਿੰਘ ਚੌਕੀ ਇੰਚਾਰਜ ਲਸਾੜਾ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਪਿੰਡ ਸੇਲਕੀਆਣਾ ਤੋਂ ਦਿਆਲਪੁਰ ਨਹਿਰ ਵੱਲ ਗਸ਼ਤ ਕਰ ਰਹੇ ਸਨ ਕਿ ਇਕ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਦੌੜਨ ਲੱਗਾ। ਸ਼ੱਕ ਪੈਣ 'ਤੇ ਜਦੋਂ ਉਸ ਨੂੰ ਫੜ ਕੇ ਤਲਾਸ਼ੀ ਲਈ ਤਾਂ ਉਸ ਪਾਸੋਂ 300 ਨਸ਼ੀਲੀਆਂ ਗੋਲੀਆਂ ਤੇ 45 ਨਸ਼ੀਲੇ ਟੀਕੇ (ਬਿਨਾਂ ਮਾਰਕਾ) ਬਰਾਮਦ ਹੋਏ। ਇਸ ਵਿਅਕਤੀ ਦੀ ਸ਼ਨਾਖਤ ਨਿਸ਼ਾਨ ਸਿੰਘ ਉਰਫ਼ ਰਾਜਨ ਪਿੰਡ ਬਾਉਪੁਰ ਥਾਣਾ ਬਰਾਂਗਲਾ, ਜ਼ਿਲ੍ਹਾ ਗੁਰਦਾਸਪੁਰ ਹਾਲ ਵਾਸੀ ਫਤਿੁਹਗੰਜ ਮੁਹੱਲਾ ਨੇੜੇ ਸੀਐੱਮਸੀ ਹਸਪਤਾਲ, ਲੁਧਿਆਣਾ ਵਜੋਂ ਹੋਈ। ਇਹ ਵਿਅਕਤੀ ਪਿੰਡਾਂ ਵਿਚ ਜਾ ਕੇ ਨਸ਼ੀਲੀਆਂ ਗੋਲੀਆਂ ਤੇ ਟੀਕੇ ਵੇਚ ਰਿਹਾ ਸੀ। ਏਐੱਸਆਈ ਜੰਗ ਬਹਾਦਰ ਨੇ ਕਿਹਾ ਕਿ ਇਹ ਵਿਅਕਤੀ ਜਿਨ੍ਹਾਂ ਨੂੰ ਵੀ ਟੀਕੇ ਵੇਚਦਾ ਸੀ, ਉਨ੍ਹਾਂ 'ਤੇ ਵੀ ਜਲਦ ਕਾਰਵਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਖਿਲਾਫ਼ ਥਾਣਾ ਫਿਲੌਰ ਵਿਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ।