ਸੁਖਪਾਲ ਸਿੰਘ ਹੁੰਦਲ, ਕਪੂਰਥਲਾ : ਪੰਜਾਬ ਵਿਚ ਝੋਨੇ ਦੀ ਫਸਲ ਦੀ ਕਟਾਈ ਦਾ ਮੌਸਮ ਚੱਲ ਰਿਹਾ ਹੈ। ਕੰਬਾਈਨਾਂ ਨਾਲ ਝੋਨਾਂ ਕੱਟਣ ਤੋਂ ਬਾਅਦ ਇਸਦੀ ਬਚੀ ਹੋਈ ਪਰਾਲੀ ਨੂੰ ਨਾ ਅੱਗ ਲਗਾਉਣ ਸਬੰਧੀ ਖੇਤੀਬਾੜੀ ਵਿਭਾਗ ਵਲੋਂ ਵੱਡੀ ਪੱਧਰ 'ਤੇ ਮੁਹਿੰਮ ਚਲਾਈ ਗਈ ਹੈ। ਨੈਸ਼ਨਲ ਗਰੀਨ ਟਿ੫ਬਿਊਨਲ ਦੀਆਂ ਡਿਪਟੀ ਕਮਿਸ਼ਨਰਾਂ ਨੂੰ ਦਿੱਤੀਆਂ ਗਈਆਂ ਸਖਤ ਹਦਾਇਤਾਂ ਕਰਕੇ ਪਿੰਡ-ਪਿੰਡ ਜਾ ਕੇ ਵਿਭਾਗ ਵਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਹ ਸਿਲਸਿਲਾ ਝੋਨੇ ਦੀ ਕਟਾਈ ਦੇ ਸੀਜਨ ਤੋਂ ਸ਼ੁਰੂ ਅਤੇ ਸਖਤੀ ਦੀਆਂ ਸੂਚਨਾਵਾਂ ਨੇ ਕਿਸਾਨਾਂ ਅੰਦਰ ਸਹਿਮ ਪੈਦਾ ਕੀਤਾ ਹੋਇਆ ਹੈ। ਪਰ ਬਹੁਤੇ ਕਿਸਾਨਾਂ ਦੀ ਅੱਗ ਲਗਾਉੁਣਾ ਮਜਬੂਰੀ ਹੁੰਦੀ ਹੈ, ਕਿਉਂਕਿ ਕਿਸਾਨਾਂ ਕੋਲ ਇਸ ਨੂੰ ਧਰਤੀ ਵਿਚ ਖਪਾਉਣ ਦੇ ਲਈ ਯੰਤਰਾਂ ਦੀ ਘਾਟ ਮਹਿਸੂਸ ਹੁੰਦੀ ਹੈ। ਜਾਣਕਾਰੀ ਅਨੁਸਾਰ ਐਨਜੀਟੀ ਨੇ ਇਸ ਕਦਰ ਸਖਤੀ ਵਰਤੀ ਹੋਈ ਹੈ ਕਿ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨ ਨੂੰ 2.5 ਏਕੜ ਤੱਕ 2500 ਰੁਪਏ, 2.5 ਤੋਂ ਪੰਜ ਏਕੜ ਤੱਕ ਪੰਜ ਹਜ਼ਾਰ ਰੁਪਏ ਅਤੇ ਪੰਜ ਏਕੜ ਵੱਧ ਵਾਲੇ ਕਿਸਾਨ ਨੂੰ 15 ਹਜ਼ਾਰ ਰੁਪਏ ਤੱਕ ਪਰਾਲੀ ਨੂੰ ਅੱਗ ਲਗਾਉਣ ਦਾ ਕਰਕੇ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ। ਜੇਕਰ ਕਿਸਾਨ ਅਜਿਹੀ ਗਲਤੀ ਦੋਬਾਰਾ ਦੁਹਰਾਉਂਦਾ ਹੈ ਤਾਂ ਉਸ ਨੂੰ ਇਸੇ ਤਰ੍ਹਾਂ ਹੀ ਜੁਰਮਾਨੇ ਦਾ ਭੁਗਤਾਨ ਕਰਨਾ ਹੋਵੇਗਾ ਤੇ ਕਿਸਾਨ ਦੇ ਖਿਲਾਫ ਧਾਰਾ 188 ਆਈਪੀਸੀ ਦੇ ਤਹਿਤ ਮਾਮਲਾ ਦਰਜ ਹੋਵੇਗਾ, ਜਿਸ 'ਤੇ ਕਿਸਾਨ ਨੂੰ 6 ਮਹੀਨੇ ਤੱਕ ਦੀ ਸਜ੍ਹਾਂ ਵੀ ਹੋ ਸਕਦੀ ਹੈ।

ਉਥੇ ਹੀ ਕਿਸਾਨ ਨੂੰ ਸਰਕਾਰ ਵਲੋਂ ਮਿਲਦੀਆਂ ਹਰੇਕ ਤਰ੍ਹਾਂ ਦੀਆਂ ਸਬਸਿਡੀਆਂ ਬੰਦ ਕਰ ਦਿੱਤੀਆਂ ਜਾਣਗੀਆਂ ਤੇ ਉਸ ਦੇ ਟਿਊਬਵੈਲ ਦਾ ਬਿਜਲੀ ਦਾ ਬਿੱਲ ਵੀ ਆਉਣਾ ਸ਼ੁਰੂ ਹੋ ਜਾਵੇਗਾ। ਉਥੇ ਹੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਸਭ ਤੋਂ ਵੱਡਾ ਨੁਕਸਾਨ ਇਹ ਹੋਵੇਗਾ ਕਿ ਮਾਲ ਰਿਕਾਰਡ ਦੇ ਵਿਚ ਲਾਲ ਐਂਟਰੀ ਕਰ ਦਿੱਤੀ ਜਾਵੇਗੀ, ਜਿਸ ਨਾਲ ਕਿਸਾਨ ਨੂੰ ਕਿਸੇ ਵੀ ਬੈਂਕ ਤੋਂ ਕਰਜਾ ਨਹੀਂ ਮਿਲ ਸਕੇਗਾ। ਪ੫ਸ਼ਾਸਨ ਵਲੋਂ ਕੀਤੀ ਗਈ ਪਰਾਲੀ ਨੂੰ ਨਾ ਸਾੜਨ ਦੀ ਸਖਤੀ ਕਿਸਾਨਾਂ ਲਈ ਗਲੇ ਦੀ ਹੱਡੀ ਬਣਦੀ ਜਾ ਰਹੀ ਹੈ ਤੇ ਪਹਿਲਾਂ ਦੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਲਈ ਹੋਰ ਖਰਚੇ ਦਾ ਬੋਝ ਪਵੇਗਾ।

'ਪੰਜਾਬੀ ਜਾਗਰਣ' ਵਲੋਂ ਇਸ ਸਬੰਧੀ ਵੱਖ-ਵੱਖ ਕਿਸਾਨਾਂ ਦੇ ਵਿਚਾਰ ਜਾਣੇ ਗਏ ਤਾਂ ਪਿੰਡ ਢੁਡੀਆਂਵਾਲ ਦੇ ਕਿਸਾਨ ਜੋਗਿੰਦਰ ਸਿੰਘ ਕਲੇਰ ਦਾ ਕਹਿਣਾ ਹੈ ਕਿ ਸਖਤੀ ਵਰਤਣੀ ਬਿਲਕੁਲ ਜਾਇਜ਼ ਨਹੀਂ। ਪੰਜਾਬ ਖੇਤੀ ਪ੫ਧਾਨ ਸੂਬਾ ਹੈ। ਕਿਸਾਨਾਂ ਵਲੋਂ ਤਾਂ ਛਮਾਹੀ ਬਾਅਦ ਆਪਣੀ ਮਜਬੂਰੀ ਦੇ ਕਾਰਨ ਅੱਗ ਲਗਾਈ ਜਾਂਦੀ ਹੈ। ਕੁੱਝ ਸਮਾਂ ਲੱਗੇਗਾ ਹੌਲੀ-ਹੌਲੀ ਕਿਸਾਨ ਆਪ ਹੀ ਇਸ ਰੁਝਾਨ ਨਾਲ ਸਹਿਮਤ ਹੋ ਜਾਣਗੇ, ਕਿਉਂਕਿ ਵੱਧ ਰਹੀ ਮਹਿੰਗਾਈ ਕਾਰਨ ਕਿਸਾਨਾਂ ਕੋਲ ਅਜੇ ਤੱਕ ਕੋਈ ਬਦਲ ਨਜ਼ਰ ਨਹੀਂ ਆ ਰਿਹਾ।

ਕਿਸਾਨ ਕੇਹਰ ਸਿੰਘ ਦਾ ਕਹਿਣਾ ਹੈ ਕਿ ਇਸ ਵਾਰ ਪ੫ਸ਼ਾਸਨ ਵਲੋਂ ਕੀਤੀ ਗਈ ਸਖਤੀ ਦੇ ਕਾਰਨ ਕਿਸਾਨਾਂ ਦਾ ਰੁਝਾਨ ਅੱਗ ਲਗਾਉਣ ਵੱਲ ਬਹੁਤ ਘੱਟ ਨਜ਼ਰ ਆ ਰਿਹਾ ਹੈ। ਜ਼ਿਆਦਾਤਰ ਕਿਸਾਨਾਂ ਨੇ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਗਾਲਣ ਦੇ ਲਈ ਜਮੀਨਾਂ ਵਿਚ ਪਾਣੀ ਲਗਾਉਣਾ ਸ਼ੁਰੂ ਕਰ ਦਿੱਤਾ ਹੈ।

ਏਐਸ ਫਾਰਮ ਦੇ ਮਾਲਕ ਉਘੇ ਕਿਸਾਨ ਜਤਿੰਦਰ ਸਿੰਘ ਬਿੱਲੂ ਦਾ ਕਹਿਣਾ ਹੈ ਕਿ ਪਰਾਲੀ ਨੂੰ ਅੱਗ ਲਗਾਉਣਾ ਕਿਸਾਨਾਂ ਦਾ ਕੋਈ ਸ਼ੌਂਕ ਨਹੀਂ, ਸਗੋਂ ਮਜਬੂਰੀ ਹੈ। ਇਸ ਵਾਰ ਖੇਤੀਬਾੜੀ ਵਿਭਾਗ ਨੇ ਬਹੁਤ ਵੱਡੀ ਪੱਧਰ 'ਤੇ ਪ੫ਚਾਰ ਕੀਤਾ ਹੈ। ਇਸ ਦਾ ਨਤੀਜਾ ਕੀ ਨਿਕਲਦਾ ਹੈ, ਇਹ ਤਾਂ ਆਉਣ ਵਾਲੇ ਦਿਨਾਂ ਵਿਚ ਹੀ ਸਾਹਮਣੇ ਆਵੇਗਾ। ਪਰ ਕਿਸਾਨਾਂ ਨੂੰ ਜੋ ਜੁਰਮਾਨਾ ਪਾਇਆ ਜਾ ਰਿਹਾ ਹੈ ਉਹ ਜਾਇਜ਼ ਨਹੀ ਹੈ।

-ਬਾਕਸ)

ਕਿਸਾਨ ਕਿਰਾਏ 'ਤੇ ਲੈ ਸਕਦੇ ਮਸ਼ੀਨਰੀ : ਮੁੱਖ ਖੇਤੀਬਾੜੀ ਅਫਸਰ

ਇਸ ਸਬੰਧ ਵਿਚ ਜਦੋਂ ਮੁੱਖ ਖੇਤੀਬਾੜੀ ਅਫਸਰ ਵਿਨੈ ਕੁਮਾਰ ਸ਼ਰਮਾ ਨੇ ਕਿਹਾ ਕਿ 10 ਅਕਤੂਬਰ ਤੱਕ ਸੁਲਤਾਨਪੁਰ ਲੋਧੀ ਵਿਚ 5 ਕਿਸਾਨਾਂ ਨੂੰ ਜੁਰਮਾਨਾ ਕੀਤਾ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਉਸ ਨੂੰ ਜਮੀਨ ਵਿਚ ਹੀ ਖਪਾਉਣ। ਵਿਨੈ ਕੁਮਾਰ ਨੇ ਕਿਹਾ ਕਿ ਕਪੂਰਥਲਾ ਜ਼ਿਲ੍ਹੇ ਵਿਚ ਕਰੀਬ 140 ਕਸਟਮ ਹੈਰਿੰਗ ਸੈਂਟਰ ਖੋਲੇ ਗਏ ਹਨ, ਜਿਥੋਂ ਛੋਟੇ ਅਤੇ ਮੱਧਵਰਗੀ ਕਿਸਾਨ ਕਿਰਾਏ 'ਤੇ ਮਸ਼ੀਨਰੀ ਲੈ ਕੇ ਪਰਾਲੀ ਨੂੰ ਜਮੀਨ ਵਿਚ ਖਪਾ ਸਕਦੇ ਹਨ ਅਤੇ ਇਨ੍ਹਾਂ ਸੈਂਟਰਾਂ ਵਿਚ ਪ੫ਤੀ ਸੈਂਟਰ 10 ਲੱਖ ਦੀ ਮਸ਼ੀਨਰੀ ਦਿੱਤੀ ਗਈ ਹੈ। ਜਿਸ ਵਿਚੋਂ 8 ਲੱਖ ਦੀ ਸਬਸਿਡੀ ਦਿੱਤੀ ਗਈ ਹੈ।