ਮੋਹਾਲੀ : ਗੁਰਦੁਆਰਾ ਸ੍ਰੀ ਅੰਬ ਸਾਹਿਬ ਦੀ ਫੇਜ਼-8 ਵਿਚਲੀ 14.5 ਏਕੜ ਵਿਚੋਂ 13.97 ਏਕੜ ਜ਼ਮੀਨ ਦੀ ਗਮਾਡਾ ਵਲੋਂ ਦਿੱਤੀ ਜਾ ਰਹੀ ਨਿਸ਼ਾਨਦੇਹੀ ਨੁਕਸਦਾਰ ਹੈ। ਹਰਦੀਪ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਨੇ ਇਸ ਨੰੂ ਨਕਾਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਨੰੂ ਪੂਰੀ ਤੇ ਚੌਕੋਰ ਜ਼ਮੀਨ ਦਿੱਤੀ ਜਾਵੇ ਤਾਂ ਜੋ ਉਸ ਦੀ ਸਹੀ ਵਰਤੋਂ ਹੋ ਸਕੇ। ਉਨ੍ਹਾਂ ਕਿਹਾ ਕਿ ਹਾਲੇ ਤਾਂ ਸੈਕਟਰ ਦੀ ਪਲੈਨਿੰਗ ਕੀਤੀ ਜਾ ਰਹੀ ਹੈ ਤੇ ਅਜਿਹਾ ਸੌਖਿਆਂ ਹੀ ਕੀਤਾ ਜਾ ਸਕਦਾ ਹੈ। ਹਰਦੀਪ ਸਿੰਘ ਨੇ ਦੱਸਿਆ ਕਿ ਸੈਕਟਰ-62 ਦੇ ਸਭ ਤੋਂ ਪਹਿਲੇ ਪਲਾਨ ਵਿਚ ਗੁਰਦੁਆਰਾ ਸਾਹਿਬ ਦੀ ਜ਼ਮੀਨ ਚੌਕੋਰ ਸੀ, ਪਰ ਬਾਅਦ ਵਿਚ ਬਣਾਏ ਜਾ ਰਹੇ ਪਲਾਨਾਂ ਵਿਚ ਇਹ ਜ਼ਮੀਨ ਤਿਰਛੀ-ਟੇਢੀ ਕੀਤੀ ਗਈ ਹੈ। ਹਰਦੀਪ ਸਿੰਘ ਨੇ ਕਿਹਾ ਕਿ ਜਿਹੜੀ ਨਿਸ਼ਾਨਦੇਹੀ ਗਮਾਡਾ ਦੇ ਰਿਹਾ ਹੈ, ਉਸ ਤੋਂ ਤਿਰਛੀਆਂ ਦਿਸ਼ਾਵਾਂ ਵਿਚ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਦੀ ਉਸਾਰੀ ਹੋ ਚੁੱਕੀ ਹੈ। ਨਿਸ਼ਾਨਦੇਹੀ ਤੇ ਇਮਾਰਤਾਂ ਦੇ ਮੇਲ ਨਾ ਖਾਣ ਕਰਕੇ ਕਾਫੀ ਜ਼ਮੀਨ ਜਾਇਆ ਜਾਵੇਗੀ ਤੇ ਗੁਰਦੁਆਰਾ ਸਾਹਿਬ ਦੀ ਦਿੱਖ ਵੀ ਵਿਗੜੇਗੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ, ਪੰਚਕੂਲਾ ਤੇ ਮੋਹਾਲੀ ਦੀ ਪਲੈਨਿੰਗ ਵਿਚ ਇਹ ਖਾਸੀਅਤ ਹੈ ਕਿ ਇੱਥੇ ਸਿੱਧੀਆਂ ਸੜਕਾਂ ਹਨ ਪਰ ਸਕੈਟਰ 62 ਦੀ ਪਲੈਨਿੰਗ ਵਿਚ ਸਰਕੂਲਰ ਰੋਡ ਬਨਾਉਣ ਕਰਕੇ ਹੀ ਗੁਰਦੁਆਰਾ ਸਾਹਿਬ ਦੀ ਦਿੱਖ ਖਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਗਮਾਡਾ ਵਲੋਂ ਦਿੱਤੀ ਨਿਸ਼ਾਨਦੇਹੀ ਮੁਤਾਬਿਕ ਜ਼ਮੀਨ ਦੀ ਚਾਰਦਿਵਾਰੀ ਦਾ ਕੰਮ ਅਵਤਾਰ ਸਿੰਘ ਮੱਕੜ ਵਲੋਂ ਕੱਲ੍ਹ ਸ਼ੁਰੂ ਕੀਤੇ ਜਾਣ ਦਾ ਪੋਗਰਾਮ ਸੀ, ਪ੍ਰੰਤੂ ਉਨ੍ਹਾਂ ਨੇ ਮੱਕੜ ਨੂੰ ਇਸ ਨਿਸ਼ਾਨਦੇਹੀ ਬਾਰੇ ਮੁੜ ਵਿਚਾਰ ਕਰਨ ਦੀ ਸਲਾਹ ਦਿੱਤੀ ਜਿਸ ਨੰੂ ਮੰਨਦਿਆਂ ਉਨ੍ਹਾਂ ਕੱਲ੍ਹ ਦੀਵਾਰ ਉਸਾਰੀ ਦੇ ਉਦਘਾਟਨ ਨੂੰ ਮੁਲਤਵੀ ਕਰ ਦਿੱਤਾ ਹੈ। ਹਰਦੀਪ ਸਿੰਘ ਨੇ ਮੱਕੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕੋਈ ਵਿਵਾਦ ਨਹੀਂ ਚਾਹੁੰਦੇ ਬਲਕਿ ਗੁਰਦੁਆਰਾ ਸਾਹਿਬ ਤੇ ਸ਼੍ਰੋਮਣੀ ਕਮੇਟੀ ਸੰਸਥਾ ਦੀ ਬਿਹਤਰੀ ਉਨ੍ਹਾਂ ਦਾ ਮੰਤਵ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਕਰਨ ਤੋਂ ਪਹਿਲਾਂ ਹੀ ਲੋਕਲ ਮੈਂਬਰ ਨਾਲ ਸਲਾਹ-ਮਸ਼ਵਰਾ ਕਰ ਲੈਣਾ ਚਾਹੀਦਾ ਸੀ ਤਾਂ ਜੋ ਵਾਰ-ਵਾਰ ਗਲਤੀਆਂ ਦੀ ਸੰਭਾਵਨਾ ਨਾ ਹੋਵੇ। ਉਨ੍ਹਾ ਕਿਹਾ ਕਿ ਸੰਗਤ ਦਾ ਪੱਖ ਲੋਕਲ ਚੁਣਿਆ ਨੁਮਾਇੰਦਾ ਬਿਹਤਰ ਦੇ ਸਕਦਾ ਹੈ। ਉਨ੍ਹਾ ਕਿਹਾ ਕਿ ਸੰਗਤ ਨੇ ਪਿਛਲੇ 16 ਸਾਲਾਂ ਤੋਂ ਸਹੀ ਦਿਸ਼ਾ ਵਿਚ ਜੱਦੋਜਹਿਦ ਕਰਕੇ ਜ਼ਮੀਨ ਬਚਾਈ ਹੈ। ਉਨ੍ਹਾ ਕਿਹਾ ਕਿ ਸੰਨ 2011 ਵਿਚ ਗਮਾਡਾ ਨਾਲ ਹੋਏ ਫੈਸਲੇ ਮੁਤਾਬਕ ਨਗਰ ਵਿਚਲੀ 13.97 ਏਕੜ ਤੇ ਸਾਢੇ ਮੌਲੀ ਬੈਦਵਾਨ ਵਿਚਲੀ ਸਾਢੇ ਚਾਰ ਕਨਾਲ ਜ਼ਮੀਨ (ਕੁਲ 14.5 ਏਕੜ) ਫੇਜ਼-8 ਵਿਚ ਇਕੱਠੀ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਦੂਜਾ ਸਿਧਾਂਤਕ ਫੈਸਲਾ ਇਹ ਸੀ ਕਿ ਬਾਕੀ ਦੀ ਕਰੀਬ 25 ਏਕੜ ਜ਼ਮੀਨ ਅਕਵਾਇਰ ਨਹੀਂ ਕੀਤੀ ਜਾਵੇਗੀ। ਪਰ ਕਿਤੇ ਨਾ ਕਿਤੇ ਇਹ ਲੱਗ ਰਿਹਾ ਹੈ ਕਿ 25 ਏਕੜ ਜ਼ਮੀਨ ਇਕਵਾਇਰ ਕਰਨ ਲਈ ਗਮਾਡਾ ਦਾ ਸ਼੍ਰੋਮਣੀ ਕਮੇਟੀ ਉੱਪਰ ਪ੍ਰਭਾਵ ਬਣਿਆ ਹੋਇਆ ਹੈ। ਇਹ ਜ਼ਮੀਨ ਇਕਵਾਇਰ ਹੋਣ ਨਾਲ ਗੁਰਦੁਆਰਾ ਸਾਹਿਬ ਨੰੂ 250 ਕਰੋੜ ਤੋਂ ਵੱਧ ਨੁਕਸਾਨ ਹੋਣ ਦਾ ਅਨੁਮਾਨ ਹੈ। ਹਰਦੀਪ ਸਿੰਘ ਨੇ ਮੰਗ ਕੀਤੀ ਕਿ ਗੁਰਦੁਆਰਾ ਸਾਹਿਬ ਦੀ ਪੂਰੀ ਜ਼ਮੀਨ ਹਰ ਹਾਲ ਵਿਚ ਹਾਸਲ ਕੀਤੀ ਜਾਣੀ ਚਾਹੀਦੀ ਹੈ, ਇਸ ਵਿਚ ਕਿਸੇ ਕਿਸਮ ਦੀ ਿਢੱਲਮੱਠ ਸੰਗਤ ਪ੍ਰਵਾਨ ਨਹੀਂ ਕਰੇਗੀ। ਉਨ੍ਹਾ ਕਿਹਾ ਕਿ ਮੱਕੜ ਵਲੋਂ ਦਿੱਤੇ ਹੁੰਗਾਰੇ ਦੇ ਮੱਦੇਨਜ਼ਰ ਇਸ ਮਸਲੇ ਨੂੰ ਬਾਦਲ ਨਾਲ ਰਾਬਤਾ ਕਾਇਮ ਕਰਕੇ ਇਸ ਮਸਲੇ ਨੰੂ ਹੱਲ ਕੀਤਾ ਜਾਵੇਗਾ।