ਭੋਗਪੁਰ : ਦੋ ਦਿਨ ਪਹਿਲਾਂ ਸ਼ੁਰੂ ਹੋਈ ਬਾਰਸ਼ ਕਾਰਣ ਸਥਾਨਕ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ 'ਚ ਨੇ ਤਲਾਬ ਦਾ ਰੂਪ ਧਾਰਨ ਕਰ ਲਿਆ। ਸ਼ਨਿਚਰਵਾਰ ਜਦੋਂ 'ਪੰਜਾਬੀ ਜਾਗਰਣ' ਟੀਮ ਨੇ ਉਕਤ ਸਕੂਲ ਦਾ ਦੌਰਾ ਕੀਤਾ, ਤਾਂ ਸਕੂਲ 'ਚ ਤਿੰਨ ਫੁੱਟ ਤਕ ਪਾਣੀ ਭਰ ਚੁੱਕਾ ਸੀ। ਬਰਸਾਤ ਦਾ ਇਹ ਪਾਣੀ ਸਕੂਲ ਦੇ ਹੋਰਨਾਂ ਕਮਰਿਆਂ ਦੇ ਨਾਲ-ਨਾਲ ਕੰਪਿਊਟਰ ਰੂਮ 'ਚ ਵੀ ਵੜ ਚੁੱਕਾ ਸੀ। ਵਰਣਨਯੋਗ ਹੈ ਕਿ ਇਹ ਸਕੂਲ ਇਲਾਕੇ ਦਾ ਸਭ ਤੋਂ ਪੁਰਾਣਾ ਸਕੂਲ ਹੈ ਤੇ ਕੌਮੀ ਸ਼ਾਹ ਮਾਰਗ 'ਤੇ ਮੌਜੂਦ ਹੈ ਤੇ ਇਸ ਸਕੂਲ 'ਚ ਅੱਠ ਸੌ ਦੇ ਕਰੀਬ ਬੱਚੇ ਪੜ੍ਹਦੇ ਹਨ। ਕੌਮੀ ਸ਼ਾਹ ਮਾਰਗ ਦੇ ਚੌਂਹਮਾਰਗੀ ਹੋਣ ਤੋਂ ਬਾਅਦ ਇਹ ਸਕੂਲ ਸੜਕ ਤੋਂ ਕਾਫੀ ਨੀਵਾਂ ਹੋ ਗਿਆ ਹੈ, ਜਿਸ ਕਾਰਨ ਥੋੜ੍ਹੀ ਜਿਹੀ ਬਰਸਾਤ ਨਾਲ ਵੀ ਸਕੂਲ ਤਲਾਬ ਦਾ ਰੂਪ ਧਾਰਣ ਕਰ ਜਾਂਦਾ ਹੈ। ਇਸ ਮੌਕੇ ਸਕੂਲ ਦੇ ਕਾਰਜਕਾਰੀ ਮੁੱਖਅਧਿਆਪਕ ਸੁਦੇਸ਼ ਭੱਲਾ ਨੇ ਦੱਸਿਆ ਕਿ ਸਕੂਲ 'ਚ ਪਾਣੀ ਜਮ੍ਹਾਂ ਹੋਣ ਕਾਰਣ ਸਕੂਲ ਦੀ ਇਮਾਰਤ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਸਕੂਲ ਸੜਕ ਤੋਂ ਕਾਫੀ ਨੀਵਾਂ ਹੈ ਸਕੂਲ ਵਿਚੋਂ ਪਾਣੀ ਦੀ ਨਿਕਾਸੀ ਦਾ ਯੋਗ ਪ੫ਬੰਧ ਨਹੀ ਹੈ। ਹਾਲਾਂਕਿ ਨਗਰ ਪੰਚਾਇਤ ਭੋਗਪੁਰ ਵਲੋਂ ਕੁਝ ਦਿਨ ਪਹਿਲਾਂ ਹੀ ਸ਼ਹਿਰ ਦੀ ਮੁੱਖ ਸੜਕ ਨਾਲ ਬਣੇ ਵੱਡੇ ਨਾਲੇ ਦੀ ਸਫਾਈ ਕਰਵਾਈ ਗਈ ਸੀ ਜਿਸ ਕਾਰਣ ਸ਼ਹਿਰ 'ਚੋਂ ਗੰਦੇ ਪਾਣੀ ਦਾ ਨਿਕਾਸ ਕਾਫੀ ਹੱਦ ਤਕ ਨਾਲੋ-ਨਾਲ ਹੀ ਹੋ ਗਿਆ।