ਜਲੰਧਰ : ਬਸ਼ੀਰਪੁਰਾ ਨੇੜੇ ਰੇਲਵੇ ਸਟੇਸ਼ਨ ਦੀ ਸਨਾਤਨ ਧਰਮ ਸਕੂਲ ਵਾਲੀ ਗਲੀ 'ਚ ਵੀਰਵਾਰ ਸਵੇਰੇ ਮੈਨਹੋਲ ਦੇ ਢੱਕਣ ਖੁੱਲ੍ਹੇ ਹੋਣ ਕਾਰਨ ਤਿੰਨ ਸਾਲ ਦਾ ਇਕ ਬੱਚਾ ਉਸ 'ਚ ਡਿੱਗ ਗਿਆ। ਹਾਲਾਂਕਿ ਕੋਲ ਹੀ ਖੜ੍ਹੀਆਂ ਅੌਰਤਾਂ ਨੇ ਉਸ ਨੂੰ ਉਸੇ ਵੇਲੇ ਕੱਢ ਲਿਆ ਪਰ ਸਾਰੇ ਇਲਾਕੇ 'ਚ ਰੌਲਾ ਪੈਣ 'ਤੇ ਲੋਕ ਇੱਕਠੇ ਹੋ ਗਏ। ਉਨ੍ਹਾਂ ਦੱਸਿਆ ਮੈਨਹੋਲ ਦੇ ਉਕਤ ਦੇ ਢੱਕਣ ਸਵੇਰੇ 9.30 ਵਜੇ ਦੇ ਚੁੱਕੇ ਹੋਏ ਸਨ ਪਰ 11.30 ਵਜੇ ਤਕ ਸਟਾਫ ਮੁੜ ਕੇ ਨਹੀਂ ਆਇਆ। ਲੋਕਾਂ ਨੇ ਇਸ ਕੰਮ 'ਚ ਨਿਗਮ ਮੁਲਾਜ਼ਮਾਂ ਦੀ ਅਣਗਹਿਲੀ ਦੱਸਿਆ।

ਬੱਚੇ ਚਿਰਾਗ ਉਰਫ ਚਿੰਟੂ ਦੀ ਮਾਤਾ ਮੀਨਾਕਸ਼ੀ ਨੇ ਦੱਸਿਆ ਸਵੇਰੇ ਲਗਪਗ 11.30 ਵਜੇ ਉਹ ਚਿਰਾਗ ਨੂੰ ਨਾਲ ਲੈ ਕੇ ਨੇੜਲੀ ਦੁਕਾਨ ਤੋਂ ਬਿਸਕੁਟ ਲੈਣ ਗਈ ਤੇ ਵਾਪਸੀ ਸਮੇਂ ਚਿਰਾਗ ਅਚਾਨਕ ਖੁਲ੍ਹੇ ਸੀਵਰ 'ਚ ਡਿੱਗ ਪਿਆ। ਇਸੇ ਦੌਰਾਨ ਨੇੜੇ ਖੜ੍ਹੀਆਂ ਹੋਰ ਅੌਰਤਾਂ ਰਜਨੀ, ਰਚਨਾ ਤੇ ਵੰਦਨਾ ਨੇ ਬੱਚੇ ਨੂੰ ਬਾਹਰ ਖਿੱਚ ਲਿਆ। ਉਕਤ ਅੌਰਤਾਂ ਨੇ ਦੱਸਿਆ ਚਿੰਟੂ ਇਕ ਵਾਰ ਪੂਰੀ ਤਰ੍ਹਾਂ ਸੀਵਰੇਜ ਦੇ ਪਾਣੀ 'ਚ ਡੁੱਬ ਗਿਆ ਤੇ ਫਿਰ ਗੋਤਾ ਖਾਕੇ ਪਾਣੀ ਦੇ ਉੱਪਰ ਆਇਆ। ਉਸ ਦੇ ਉੱਪਰ ਆਉਂਦੇ ਹੀ ਉਸ ਨੂੰ ਬਾਹਰ ਕੱਢ ਲਿਆ। ਮੌਕੇ 'ਤੇ ਬੱਚੇ ਦਾ ਦਾਦਾ ਸ਼ੰਕਰ ਦਾਸ ਤੇ ਮਾਂ ਮੀਨਾਕਸ਼ੀ ਕਾਫ਼ੀ ਘਬਰਾਏ ਹੋਏ ਸਨ।

ਇਲਾਕਾਵਾਸੀ ਰਜਨੀਸ਼ ਨੇ ਦੱਸਿਆ ਕਿ ਗਲੀ 'ਚ ਸਨਾਤਨ ਧਰਮ ਤੇ ਸ਼ਿਵ ਸ਼ਕਤੀ ਦੋ ਸਕੂਲ ਹਨ, ਜਿਨ੍ਹਾਂ ਦੇ ਬੱਚੇ ਛੁੱਟੀ ਤੋਂ ਬਾਅਦ ਇਕਲੇ ਹੀ ਘਰਾਂ ਨੂੰ ਪੈਦਲ ਜਾਂਦੇ ਹਨ। ਉਕਤ ਗਲੀ 'ਚ ਸੀਵਰਮੈਨ ਕਈ ਵਾਰ ਢੱਕਣ ਚੁੱਕ ਦਿੰਦੇ ਹਨ ਪਰ ਕਾਫ਼ੀ ਦੇਰ ਵਾਪਸ ਨਹੀਂ ਆਉਂਦੇ। ਇਸ ਬਾਰੇ ਸੀਵਰਮੈਨਾਂ ਨੂੰ ਪਹਿਲਾਂ ਵੀ ਅਗਾਹ ਕੀਤਾ ਗਿਆ ਹੈ ਪਰ ਉਨ੍ਹਾਂ 'ਤੇ ਕੋਈ ਅਸਰ ਨਹੀਂ ਹੁੰਦਾ। ਇਲਾਕਾਵਾਸੀਆਂ ਨੇ ਉਕਤ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਹਾਦਸੇ ਤੋਂ ਬਾਅਦ ਐਕਸੀਅਨ ਹਰਵਿੰਦਰ ਕੁਮਾਰ ਮੌਕੇ 'ਤੇ ਪੁੱਜੇ ਤੇ ਕੁਝ ਦੇਰ ਬਾਅਦ ਸੂਰਿਆ ਐਨਕਲੇਵ ਦੀ ਪੁਲਸ ਵੀ ਪਹੁੰਚ ਗਈ। ਉਨ੍ਹਾਂ ਮੌਕੇ 'ਤੇ ਖੜ੍ਹੇ ਲੋਕਾਂ ਤੋਂ ਜਾਣਕਾਰੀ ਇੱਕਤਰ ਕੀਤੀ। ਇਸ ਦੌਰਾਨ ਐਕਸੀਅਨ ਹਰਵਿੰਦਰ ਕੁਮਾਰ ਨੇ ਕਿਹਾ ਇਸ ਸਬੰਧੀ ਇਲਾਕੇ ਦੇ ਐਸਡੀਓ ਤੋਂ ਰਿਪੋਰਟ ਮੰਗ ਲਈ ਗਈ ਹੈ ਤੇ ਰਿਪੋਰਟ ਮਿਲਣ 'ਤੇ ਹੀ ਕੁਝ ਕਿਹਾ ਜਾ ਸਕੇਗਾ।