ਲਖਬੀਰ, ਜਲੰਧਰ : ਮੰਗਲਵਾਰ ਨੂੰ ਭਾਜਪਾ ਦੇ ਵੱਡੇ ਆਗੂਆਂ ਵੱਲੋਂ ਡੀਸੀ ਦਫ਼ਤਰ ਦੇ ਸਾਹਮਣੇ ਧਰਨਾ ਪ੍ਰਦਰਸ਼ਨ 'ਫਲਾਪ' ਸਾਬਤ ਹੋਇਆ। ਜਿਥੇ ਇਕ ਪਾਸੇ ਭਾਜਪਾ ਵੱਲੋਂ ਦਿੱਤੇ ਗਏ ਧਰਨੇ 'ਚ ਵੱਡੇ-ਵੱਡੇ ਆਗੂਆਂ ਨੇ ਹਿੱਸਾ ਲਿਆ, ਉਥੇ ਦੂਜੇ ਪਾਸੇ ਭਾਜਪਾ ਦੀ ਗੁੱਟਬੰਦੀ ਵੀ ਪੂਰੀ ਤਰ੍ਹਾਂ ਸਾਹਮਣੇ ਆਈ। ਚਾਹੇ ਭਾਜਪਾ ਦੇ ਲੋਕਲ ਵੱਡੇ ਆਗੂਆਂ ਨੇ ਮੰਗਲਵਾਰ ਦੇ ਧਰਨੇ ਲਈ ਖੂਬ ਪ੍ਰਚਾਰ ਕੀਤਾ ਸੀ ਪਰ ਉਮੀਦ ਮੁਤਾਬਕ ਉਹ ਭਾਜਪਾ ਵਰਕਰਾਂ ਨੂੰ ਇਕੱਠਾ ਕਰਨ 'ਚ ਪੂਰੀ ਤਰ੍ਹਾਂ ਅਸਫਲ ਰਹੇ। ਧਰਨਾ ਪ੍ਰਦਰਸ਼ਨ ਦੌਰਾਨ ਮੁੱਠੀ ਭਰ ਭਾਜਪਾ ਵਰਕਰ ਹੀ ਪਹੁੰਚੇ। ਧਰਨੇ ਦੀ ਅਗਵਾਈ ਕੇਂਦਰੀ ਮੰਤਰੀ ਵਿਜੈ ਕੁਮਾਰ ਸਾਂਪਲਾ ਨੇ ਕੀਤੀ। ਇਸ ਮੌਕੇ ਜੰਮੂ-ਕਸ਼ਮੀਰ ਦੇ ਭਾਜਪਾ ਪ੍ਰਧਾਨ ਜੁਗਲ ਕਿਸ਼ੋਰ ਨੇ ਵੀ ਖਾਸ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ, ਸੀਪੀਐੱਸ ਕੇਡੀ ਭੰਡਾਰੀ, ਵਿਧਾਇਕ ਮਨੋਰੰਜਨ ਕਾਲੀਆ ਸਣੇ ਜ਼ਿਲ੍ਹਾ ਭਾਜਪਾ ਦੇ ਵੀ ਕਈ ਵੱਡੇ-ਵੱਡੇ ਆਗੂਆਂ ਨੇ ਹਿੱਸਾ ਲਿਆ ਪਰ ਇਹ ਵੱਡੇ ਨੇਤਾ ਵੀ ਲੋਕਾਂ ਦੀ ਭੀੜ ਇਕੱਠੀ ਕਰਨ 'ਚ ਫੇਲ੍ਹ ਸਾਬਤ ਹੋਏ। ਸਿਰਫ ਦੋ ਘੰਟਿਆਂ ਲਈ ਰੱਖਿਆ ਗਿਆ ਧਰਨਾ ਪ੍ਰਦਰਸ਼ਨ ਬਿਲਕੁਲ 'ਫੋਕਾ' ਸਾਬਤ ਹੋਇਆ। ਵਿਜੈ ਸਾਂਪਲਾ ਨੇ ਆਪਣੇ ਭਾਸ਼ਣ ਦੌਰਾਨ ਕਾਂਗਰਸ 'ਤੇ ਪੂਰੀ ਤਰ੍ਹਾਂ ਵਾਰ ਕੀਤੇ।

ਜਲੰਧਰ 'ਚ ਸਾਂਪਲਾ ਦਾ ਗ੍ਰਾਫ ਘਟਿਆ!

ਭਾਜਪਾ ਨੇਤਾਵਾਂ ਨੇ ਆਪਣੇ ਵੱਲੋਂ ਮੰਗਲਵਾਰ ਦੇ ਧਰਨੇ ਨੂੰ ਸਫਲ ਬਣਾਉਣ ਲਈ ਹਰੇਕ ਵੱਡੇ ਨੇਤਾ ਨੂੰ ਸੱਦਾ ਦਿੱਤਾ। ਇਸੇ ਤਰ੍ਹਾਂ ਕੇਂਦਰੀ ਮੰਤਰੀ ਵਿਜੈ ਕੁਮਾਰ ਸਾਂਪਲਾ ਨੇ ਧਰਨੇ ਦੀ ਅਗਵਾਈ ਕੀਤੀ ਪਰ ਲੋਕਾਂ ਦੀ ਭੀੜ ਨਾ ਬਰਾਬਰ ਰਹੀ, ਜਿਸ ਤੋਂ ਲੱਗਦਾ ਹੈ ਕਿ ਸਾਂਪਲਾ ਦਾ ਜਲੰਧਰ 'ਚ ਗ੍ਰਾਫ ਹੇਠਾਂ ਜਾ ਰਿਹਾ ਹੈ ਕਿਉਂਕਿ ਧਰਨੇ ਦੀ ਅਗਵਾਈ ਖੁਦ ਸਾਂਪਲਾ ਕਰ ਰਹੇ ਸਨ ਪਰ ਲੋਕਾਂ ਦੀ ਭੀੜ ਇਕੱਠੀ ਨਹੀਂ ਹੋ ਸਕੀ।

ਜਨਰੇਟਰ 'ਚੋਂ ਮੁੱਕਾ ਤੇਲ

ਭਾਜਪਾ ਆਪਣੇ-ਆਪ ਨੂੰ ਦੇਸ਼ ਦੀ ਸਭ ਤੋਂ ਪਾਰਟੀ ਦੇ ਤੌਰ 'ਤੇ ਮੰਨਦੀ ਹੈ ਪਰ ਇਸ ਵੱਡੀ ਪਾਰਟੀ ਦੀ ਹਵਾ ਉਸ ਵੇਲੇ 'ਠੁੱਸ' ਹੁੰਦੀ ਪ੍ਰਤੀਤ ਹੋਈ ਜਦੋਂ ਆਗੂਆਂ ਦੇ ਭਾਸ਼ਣ ਦੇਣ ਤੋਂ ਪਹਿਲਾਂ ਹੀ ਜਰਨੇਟਰ 'ਚੋਂ ਤੇਲ ਖਤਮ ਹੋ ਗਿਆ। ਭਾਸ਼ਣ ਦੇ ਰਹੇ ਆਗੂਆਂ ਨੂੰ ਬਿਨਾਂ ਮਾਈਕ ਤੋਂ ਬੋਲਦਿਆਂ ਦੇਖ ਲੋਕਾਂ ਨੇ ਭਾਜਪਾ ਦੀ ਤਾਕਤ ਦੇ ਅੰਦਾਜੇ ਬਾਰੇ ਖੂਬ ਟਿੱਚਰਾਂ ਕੀਤੀਆਂ। ਇਹ ਵੀ ਦੇਖਿਆ ਗਿਆ ਕਿ ਜਦੋਂ ਰਵੀ ਮਹੇਂਦਰੂ ਵੱਲੋਂ ਭਾਸ਼ਣ ਦਿੱਤਾ ਜਾ ਰਿਹਾ ਸੀ ਤਾਂ ਉਸ ਸਮੇਂ ਉਥੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਪਹੁੰਚ ਗਏ, ਜਿਸ ਕਾਰਨ ਆਮ ਵਰਕਰਾਂ ਤੋਂ ਇਲਾਵਾ ਉਥੇ ਮੌਜੂਦ ਆਗੂਆਂ ਨੇ ਵੀ ਰਵੀ ਮਹੇਂਦਰੂ ਦੇ ਭਾਸ਼ਣ ਨੂੰ ਕਿਸੇ ਤਰ੍ਹਾਂ ਦੀ ਤਵੱਜੋਂ ਨਹੀਂ ਦਿੱਤੀ। ਕੁਲ ਮਿਲਾ ਕੇ ਮੰਗਲਵਾਰ ਦੇ ਧਰਨੇ 'ਚ ਭਾਜਪਾ ਦੇ ਵੱਡੇ-ਵੱਡੇ ਨੇਤਾ ਵੀ ਆਪਣਾ ਰੰਗ ਨਹੀਂ ਦਿਖਾ ਸਕੇ। ਇਸ ਮੌਕੇ ਭਾਜਯੁਮੋ ਦੇ ਪੰਜਾਬ ਪ੍ਰਧਾਨ ਸ਼ਿਵਬੀਰ ਸਿੰਘ ਰਾਜਨ, ਪ੍ਰਦੇਸ਼ ਮਹਿਲਾ ਭਾਜਪਾ ਦੀ ਉਪ ਪ੍ਰਧਾਨ ਸੁਮਨ ਸਹਿਗਲ, ਉਮਰਮਿਲ ਵੈਦ, ਪ੍ਰਦੇਸ਼ ਜਨਰਲ ਸਕੱਤਰ ਰਾਕੇਸ਼ ਰਾਠੌਰ, ਪੰਜਾਬ ਸਰਕਾਰ ਦੇ ਸੀਵਰੇਜ਼ ਬੋਰਡ ਦੇ ਚੇਅਰਮੈਨ ਵਿਨੋਦ ਸ਼ਰਮਾ, ਕਿਸ਼ਨ ਲਾਲ ਸ਼ਰਮਾ, ਟਰਾਂਸਪੋਰਟ ਸੈੱਲ ਦੇ ਅਮਰਜੀਤ ਸਿੰਘ ਅਮਰੀ, ਜ਼ਿਲਾ ਮਹਿਲਾ ਭਾਜਪਾ ਪ੍ਰਧਾਨ ਸੁਖਰਾਜ ਕੌਰ, ਪ੍ਰਦੇਸ਼ ਯੁਵਾ ਭਾਜਪਾ ਸਕੱਤਰ ਆਸ਼ੂ ਸਾਂਪਲਾ, ਮੇਅਰ ਸੁਨੀਲ ਜੋਤੀ ਆਦਿ ਮੌਜੂਦ ਸਨ।