ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੋਹਾਲੀ ਦੀ ਕਾਰਜਕਾਰਨੀ ਦੀ ਮੀਟਿੰਗ ਬੀਤੇ ਦਿਨ ਮੋਹਨ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਸ਼ੇਸ਼ ਮੀਟਿੰਗ 'ਚ ਪੈਨਸ਼ਨਰਜ਼ ਦਾ ਇਤਿਹਾਸਿਕ ਦਿਵਸ ਮਨਾਉਣ ਦਾ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ। ਇਹ ਦਿਵਸ ਹਰ ਸਾਲ 17 ਦਸੰਬਰ ਨੂੰ ਆਉਂਦਾ ਹੈ, ਜਿਸ ਦਿਨ ਸੁਪਰੀਮ ਕੋਰਟ ਵੱਲੋਂ 1982 ਵਿਚ ਪੈਨਸ਼ਨ ਨੂੰ ਪੈਨਸ਼ਨਰਾਂ ਦੇ ਬੁਨਿਆਦੀ ਹੱਕ ਵਜੋਂ ਤਸਲੀਮ ਕੀਤਾ ਗਿਆ ਸੀ ਅਤੇ ਆਪਣੇ ਫ਼ੈਸਲੇ ਵਿਚ ਕਿਹਾ ਗਿਆ ਸੀ ਕਿ ਪੈਨਸ਼ਨ ਕੋਈ ਖ਼ੈਰਾਤ ਨਹੀਂ ਹੈ। ਐਸੋਸੀਏਸ਼ਨ ਵੱਲੋਂ ਕੁੱਝ ਵਿਵਹਾਰਕ ਕਿਠਨਾਈਆਂ ਕਾਰਨ ਪੈਨਸ਼ਨਰਜ਼ ਦਿਵਸ ਨੂੰ 16 ਦਸੰਬਰ, 2018 ਨੂੰ ਪ੍ਰਾਚੀਨ ਕਲਾ ਕੇਂਦਰ, ਸੈਕਟਰ-71 (ਨਜ਼ਦੀਕ ਆਈਵੀ ਹਸਪਤਾਲ) ਮੋਹਾਲੀ ਵਿਖੇ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਇਹ ਸਮਾਗਮ 16 ਦਸੰਬਰ ਨੂੰ ਸਵੇਰੇ 10.00 ਵਜੇ ਆਰੰਭ ਹੋਵੇਗਾ। ਪ੍ਰੇਮ ਸਾਗਰ ਸ਼ਰਮਾ, ਪ੍ਰਧਾਨ ਪੰਜਾਬ ਰਾਜ ਪੈਂਸਨਰਜ਼ ਮਹਾਸੰਘ ਤੇ ਕੰਨਵੀਨਰ ਪੈਨਸ਼ਨਰਜ਼ ਜੁਆਇੰਟ ਫਰੰਟ, ਸੱਜਨ ਸਿੰਘ, ਚੇਅਰਮੈਨ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫ਼ੈਡਰੇਸ਼ਨ, ਕਰਤਾਰ ਸਿੰਘ ਪਾਲ, ਪੰਜਾਬ ਤੇ ਯੂਟੀ ਕਰਮਚਾਰੀ ਐਕਸ਼ਨ ਕਮੇਟੀ ਅਤੇ ਏਐੱਨ ਸ਼ਰਮਾ, ਚੇਅਰਮੈਨ ਪੰਜਾਬ ਤੇ ਹਰਿਆਣਾ ਰਿਟਾਇਰਡ ਅਕਾਊਂਟਸ ਤੇ ਆਡਿਟ ਆਫੀਸਰਜ਼ ਐਸੋਸੀਏਸ਼ਨ ਇਸ ਮੌਕੇ ਵਿਚਾਰ ਪੇਸ਼ ਕਰਨਗੇ। ਮੀਟਿੰਗ ਵਿਚ ਕਾਰਜਕਾਰਨੀ ਦੇ ਸਮੂਹ ਮੈਂਬਰ ਸਰਵਸ਼੍ਰੀ ਰਘਬੀਰ ਸਿੰਘ ਸੰਧੂ ਚੀਫ ਪੈਟਰਨ, ਮੋਹਨ ਸਿੰਘ ਪ੍ਰਧਾਨ, ਮੂਲ ਰਾਜ ਸ਼ਰਮਾ ਕਾਰਜਕਾਰੀ ਪ੍ਰਧਾਨ, ਜਰਨੈਲ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ, ਡਾ.ਐੱਨਕੇ ਕਲਸੀ ਜਨਰਲ ਸਕੱਤਰ, ਸੁੱਚਾ ਸਿੰਘ ਕਲੌੜ ਵਧੀਕ ਜਨਰਲ ਸਕੱਤਰ, ਕੁਲਦੀਪ ਸਿੰਘ ਜਾਂਗਲਾ ਵਿੱਤ ਸਕੱਤਰ, ਪ੍ਰੇਮ ਸਿੰਘ ਸਹਾਇਕ ਵਿੱਤ ਸਕੱਤਰ, ਸੁਖਪਾਲ ਸਿੰਘ ਹੁੰਦਲ ਪ੍ਰੈੱਸ ਸਕੱਤਰ, ਭੂਪਿੰਦਰ ਸਿੰਘ ਬੱਲ ਆਰਗੇਨਾਈਜ਼ਿੰਗ ਸਕੱਤਰ ਅਤੇ ਭਗਤ ਰਾਮ ਰੰਘਾੜਾ ਸਕੱਤਰ ਸ਼ਾਮਲ ਹੋਏ।