ਜਲੰਧਰ : ਸਥਾਨਕ ਲਾਇਲਪੁਰ ਖ਼ਾਲਸਾ ਕਾਲਜ ਤੋਂ ਸ਼ੁਰੂ ਹੋਇਆ ਆਮ ਆਦਮੀ ਪਾਰਟੀ ਦਾ ਰੋਡ ਸ਼ੋਅ ਮੀਂਹ, ਵਿਊਂਤਬੰਦੀ ਤੇ ਆਪਸੀ ਤਾਲਮੇਲ ਦੀ ਘਾਟ ਕਾਰਨ ਕਾਮਯਾਬ ਨਾ ਹੋ ਸਕਿਆ। ਰੋਡ ਸ਼ੋਅ ਦਿੱਲੀ ਦੀ ਸਾਬਕਾ ਵਿਧਾਇਕ ਰਾਖੀ ਬਿੜਲਾ ਦੀ ਅਗਵਾਈ ਵਿਚ ਲਾਇਲਪੁਰ ਖ਼ਾਲਸਾ ਕਾਲਜ ਤੋਂ ਸ਼ੁਰੂ ਹੋਇਆ। ਇਸ ਮੌਕੇ ਸਾਬਕਾ ਵਿਧਾਇਕ ਤੇ ਰੋਡ ਸ਼ੋਅ ਦੀ ਮੁੱਖ ਖਿੱਚ ਰਾਖੀ ਬਿੜਲਾ ਵੀ ਦਿਖਾਈ ਨਹੀਂ ਦਿੱਤੀ, ਜਿਸ ਮਗਰੋਂ ਆਪ ਪਾਰਟੀ ਦੇ ਉਮੀਦਵਾਰ ਤੇ ਵਰਕਰ ਭਗਤ ਸਿੰਘ ਚੌਕ, ਮਿਲਾਪ ਚੌਕ ਤੋਂ ਹੁੰਦਿਆਂ ਕੰਪਨੀ ਬਾਗ਼ ਚੌਕ ਪੁੱਜੇ, ਜਿਥੇ ਜਾ ਕੇ ਪਾਰਟੀ ਵਰਕਰ ਖਿੰਡ ਗਏ। ਬਾਅਦ ਵਿਚ ਸਾਬਕਾ ਵਿਧਾਇਕ ਰਾਖੀ ਬਿੜਲਾ ਨੇ ਵੀ ਸੰਬੋਧਨ ਕੀਤਾ। ਰੋਡ ਸ਼ੋਅ 'ਤੇ ਚੋਣ ਆਬਜ਼ਰਵਰ ਵੱਲੋਂ ਤਿੱਖੀ ਨਜ਼ਰ ਰੱਖੀ ਹੋਈ ਸੀ ਤੇ ਨਾਲ ਦੀ ਨਾਲ ਹੀ ਵੀਡੀਓਗ੍ਰਾਫੀ ਕਰਵਾਈ ਜਾ ਰਹੀ ਸੀ। ਰੋਡ ਸ਼ੋਅ ਕਾਰਨ ਕਈ ਥਾਈਂ ਸੜਕ 'ਤੇ ਜਾਮ ਤਾਂ ਲੱਗੇ ਹੀ, ਉਥੇ ਨਕੋਦਰ ਚੌਕ ਨੇੜੇ ਮਰੀਜ਼ ਨੂੰ ਲਿਜਾਉਣ ਵਾਲੀ ਐਂਬੂਲੈਂਸ ਨੂੰ ਵੀ ਲੰਘਣ 'ਚ ਮੁਸ਼ਕਲ ਆਈ। ਇਸ ਮੌਕੇ ਸੁਮੇਧ ਸਿੰਘ ਸਿੱਧੂ, ਕਲਮਦੀਪ ਸਿੰਘ, ਜੁਗਿੰਦਰ ਸਿੰਘ ਮੁਲਤਾਨੀ, ਸੁਲੇਖਾ ਸਿੰਘ, ਭੁਪਿੰਦਰ ਸਿੰਘ ਤੇ ਹੋਰ ਹਾਜ਼ਰ ਸਨ।