- ਐੱਸਏਪੀ 'ਤੇ ਕਿਸਾਨਾਂ ਨੂੰ ਬੋਨਸ ਮਿਲੇ : ਸੰਧਵਾਂ

ਸੀਟੀਪੀ43- ਜਾਣਕਾਰੀ ਦਿੰਦੇ ਹੋਏ ਕੁਲਤਾਰ ਸਿੰਘ ਸੰਧਵਾਂ।

ਤੇਜਿੰਦਰ ਕੌਰ ਥਿੰਦ, ਜਲੰਧਰ :

ਆਮ ਆਦਮੀ ਪਾਰਟੀ ਪੰਜਾਬ ਨੇ ਪੰਜਾਬ ਸਰਕਾਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਗੰਨਾ ਕਾਸ਼ਤਕਾਰ ਕਿਸਾਨਾਂ ਨਾਲ ਧੋਖਾ ਕਰ ਕੇ ਪ੍ਰਾਈਵੇਟ ਖੰਡ ਮਿੱਲ ਮਾਫ਼ੀਆ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਆਪ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅਕਾਲੀਆਂ ਤੇ ਕਾਂਗਰਸੀ ਖੰਡ ਮਿੱਲ ਮਾਲਕਾਂ ਦਾ ਗੱਠਜੋੜ ਪਹਿਲਾਂ ਗੰਨਾਂ ਕਾਸ਼ਤਕਾਰਾਂ ਦੇ 35 ਰੁਪਏ ਪ੍ਰਤੀ ਕੁਇੰਟਲ ਹੜੱਪ ਰਿਹਾ ਸੀ ਤੇ ਹੁਣ ਸੂਬੇ ਦੇ ਖ਼ਜ਼ਾਨੇ ਨੂੰ 25 ਰੁਪਏ ਪ੍ਰਤੀ ਕੁਇੰਟਲ ਦੀ ਸੰਨ੍ਹ ਲਾ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਗੰਨਾਂ ਕਾਸ਼ਤਕਾਰਾਂ ਨੂੰ ਇਹ ਦਿਖਾਵਾ ਕਰਨਾ ਚਾਹੁੰਦੀ ਹੈ, ਜਿਵੇਂ ਸਰਕਾਰ ਨੇ 25 ਰੁਪਏ ਪ੍ਰਤੀ ਕੁਇੰਟਲ ਬੋਨਸ ਕਿਸਾਨਾਂ ਨੂੰ ਦਿੱਤਾ ਹੋਵੇ ਪਰ ਅਸਲ 'ਚ ਸਰਕਾਰ ਇਹ 25 ਰੁਪਏ ਪ੍ਰਤੀ ਕੁਇੰਟਲ ਖੰਡ ਮਿੱਲ ਮਾਲਕਾਂ ਦੀ ਜੇਬ 'ਚ ਪਾ ਰਹੀ ਹੈ। ਆਪ ਵਿਧਾਇਕ ਸੰਧਵਾਂ ਨੇ ਕਿਹਾ ਕਿ ਜੇ ਕੈਪਟਨ ਸਰਕਾਰ ਹਕੀਕਤ 'ਚ ਗੰਨਾ ਕਾਸ਼ਤਕਾਰਾਂ ਦੀ ਹਿਤੈਸ਼ੀ ਹੁੰਦੀ ਤਾਂ ਆਪਣੀਆਂ ਸਹਿਕਾਰੀ ਮਿੱਲਾਂ ਸਮੇਤ ਪ੍ਰਾਈਵੇਟ ਸ਼ੂਗਰ ਮਿੱਲਾਂ ਨੂੰ ਕਿਸਾਨ ਨੂੰ 310 ਰੁਪਏ ਪ੍ਰਤੀ ਕਵਿੰਟਲ ਲਈ ਪਾਬੰਦ ਕਰਦੀ ਅਤੇ ਖ਼ੁਦ ਐੱਸਏਪੀ 'ਤੇ ਆਪਣੀ ਤਰਫ਼ੋਂ ਬੋਨਸ ਦਿੰਦੀ। ਪਰੰਤੂ ਅਜਿਹਾ ਨਾ ਕਰ ਕੇ ਕੈਪਟਨ ਸਰਕਾਰ ਨੇ ਜਨਤਾ ਦਾ ਟੈਕਸਾਂ ਰਾਹੀਂ ਇਕੱਠਾ ਕੀਤਾ ਪੈਸਾ ਪ੍ਰਾਈਵੇਟ ਖੰਡ ਮਿੱਲ ਮਾਲਕਾਂ ਨੂੰ ਲੁਟਾਉਣ ਦਾ ਮੰਦਭਾਗਾ ਫ਼ੈਸਲਾ ਲੈ ਲਿਆ।

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਰਕਾਰ ਪ੍ਰਾਈਵੇਟ ਖੰਡ ਮਿੱਲ ਮਾਲਕਾਂ ਅੱਗੇ ਝੁਕਦਿਆਂ ਸੂਬੇ ਦਾ ਖ਼ਜ਼ਾਨਾ ਤਾਂ ਲੱੁਟਾ ਹੀ ਰਹੀ ਹੈ, ਨਾਲ ਹੀ ਕਿਸਾਨਾਂ ਦੇ ਚਾਲੂ ਸੀਜ਼ਨ ਦੇ ਗੰਨੇ ਦੀ ਰਾਸ਼ੀ ਦੇ ਭੁਗਤਾਨ ਨੂੰ ਮਿੱਲ ਮਾਲਕਾਂ ਦੀ ਚੀਨੀ ਦੀ ਵਿੱਕਰੀ ਨਾਲ ਜੋੜ ਕੇ ਕਿਸਾਨਾਂ ਦੇ ਹੱਥ ਵੱਢ ਕੇ ਖੰਡ ਮਿੱਲ ਮਾਲਕਾਂ ਨੂੰ ਫੜਾ ਦਿੱਤੇ ਹਨ। ਸੰਧਵਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਪ੍ਰਾਈਵੇਟ ਖੰਡ ਮਿੱਲ ਮਾਲਕਾਂ ਨੂੰ ਸੂਬਾ ਸਰਕਾਰ ਵੱਲੋਂ ਤੈਅ 310 ਰੁਪਏ ਪ੍ਰਤੀ ਕਵਿੰਟਲ ਦਾ ਭੁਗਤਾਨ ਸਖ਼ਤੀ ਨਾਲ ਕਰਾਏ ਅਤੇ ਪਿਛਲੀ ਬਕਾਇਆ ਰਾਸ਼ੀ ਵਿਆਜ ਸਮੇਤ ਦੇਣ ਤੇ ਚਾਲੂ ਸੀਜ਼ਨ ਦਾ ਭੁਗਤਾਨ ਗੰਨੇ ਦੀ ਵਿੱਕਰੀ ਦੇ 15 ਦਿਨਾਂ ਦੇ ਅੰਦਰ-ਅੰਦਰ ਯਕੀਨੀ ਬਣਾਵੇ।