ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ- ਐੱਸਡੀਐੱਮ

ਫ਼ੋਟੋ - 14

ਕੈਪਸ਼ਨ - ਜਾਣਕਾਰੀ ਦਿੰਦੇ ਹੋਏ ਰਿਸੋਰਸ ਰੂਮ ਵਲੰਟੀਅਰ ਰੀਟਾ ਰਾਣੀ।

ਸੰਦੀਪ ਸਿੰਗਲਾ, ਧੂਰੀ :

ਸਥਾਨਕ ਧੂਰੀ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ 'ਚ ਸਥਿਤ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਚੱਲ ਰਹੇ ਰਿਸੋਰਸ ਰੂਮ ਦੇ ਵਿਦਿਆਰਥੀ ਸਹੂਲਤਾਂ ਤੋਂ ਵਾਂਝੇ ਹਨ। ਜਿੱਥੇ ਇਹ ਦਿਵਿਆਂਗ ਅਤੇ ਮੰਦਬੁੱਧੀ ਵਿਦਿਆਰਥੀ ਬਿਨਾਂ ਬਿਜਲੀ ਤੋਂ ਹਨੇਰੇ 'ਚ ਪੜ੍ਹਨ ਲਈ ਮਜਬੂਰ ਹਨ ਉੱਥੇ ਹੀ ਇਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਵਾਲੀ ਵਲੰਟੀਅਰ ਰੀਟਾ ਰਾਣੀ ਨੇ ਸਕੂਲ ਮੁਖੀ ਉੱਪਰ ਰਿਸੋਰਸ ਰੂਮ ਨੂੰ ਇੱਥੋਂ ਸ਼ਿਫ਼ਟ ਕਰਨ ਦਾ ਦਬਾਅ ਬਣਾਉਣ ਦੇ ਦੋਸ਼ ਲਾਏ ਗਏ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਲੰਟੀਅਰ ਰੀਟਾ ਰਾਣੀ ਨੇ ਦੱਸਿਆ ਕਿ ਉਹ ਰਿਸੋਰਸ ਰੂਮ ਵਿਚ 12 ਬੱਚਿਆਂ ਨੂੰ ਪੜ੍ਹਾਉਂਦੇ ਹਨ ਅਤੇ ਇਨ੍ਹਾਂ ਬੱਚਿਆਂ 'ਚੋਂ ਕੁੱਝ ਬੱਚੇ ਆਪਣੀਆਂ ਦੈਨਿਕ ਕਿਰਿਆਵਾਂ ਲਈ ਵਲੰਟੀਅਰ ਉੱਪਰ ਨਿਰਭਰ ਹਨ। ਉਨ੍ਹਾਂ ਦੱਸਿਆ ਕਿ ਇਸ ਸਕੂਲ ਦੀ ਹੈੱਡ ਵੱਲੋਂ ਅਕਸਰ ਉਨ੍ਹਾਂ ਉੱਪਰ ਰਿਸੋਰਸ ਰੂਮ ਨੂੰ ਦੂਜੇ ਸਕੂਲ ਵਿਚ ਸ਼ਿਫ਼ਟ ਕਰਨ ਦਾ ਦਬਾਅ ਬਣਾਇਆ ਜਾਂਦਾ ਹੈ ਅਤੇ ਬਿਜਲੀ ਅਤੇ ਸਫ਼ਾਈ ਸਮੇਤ ਹੋਰ ਸਹੂਲਤਾਂ ਤੋਂ ਵਾਂਝਾ ਰੱਖ ਕੇ ਤੰਗ ਕੀਤਾ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਦਿਵਿਆਂਗ ਅਤੇ ਮੰਦਬੁੱਧੀ ਬੱਚਿਆਂ ਨੂੰ ਸਕੂਲ ਦੀ ਇਸੇ ਇਮਾਰਤ ਵਿਚ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ।

=======

ਸਕੂਲ ਮੁਖੀ ਨੇ ਦੋਸ਼ਾਂ ਨੂੰ ਨਕਾਰਿਆ

ਇਸ ਸਬੰਧੀ ਸਕੂਲ ਹੈੱਡ ਜਰਨੈਲ ਕੌਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਇਸ ਸਕੂਲ ਦੀ ਇਮਾਰਤ ਵਿਚ ਪ੍ਰਾਇਮਰੀ ਸਕੂਲ ਧੂਰੀ ਪਿੰਡ ਦੇ ਨਾਲ-ਨਾਲ ਵਾਰਡ ਨੰਬਰ 6 ਦੇ ਵਿਦਿਆਰਥੀ ਵੀ ਵਿੱਦਿਆ ਹਾਸਿਲ ਕਰ ਰਹੇ ਹਨ। ਉਨ੍ਹਾਂ ਸਹੂਲਤਾਂ ਦੀ ਘਾਟ ਬਾਰੇ ਪੁੱਛਣ 'ਤੇ ਕਿਹਾ ਕਿ ਸਕੂਲ ਅੰਦਰ ਬੱਚਿਆਂ ਦੇ ਬੈਠਣ ਲਈ ਬੈਂਚਾਂ ਦੀ ਘਾਟ ਹੈ।

--------------

ਮੌਕਾ ਵੇਖਣ 'ਤੇ ਹੋਵੇਗੀ ਕਾਰਵਾਈ : ਡੀਈਓ

ਇਸ ਸੰਬੰਧੀ ਡੀ.ਈ.ਓ ਪ੍ਰਾਇਮਰੀ ਮੁਕੇਸ਼ ਚੰਦਰ ਜੋਸ਼ੀ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਉਹ ਸਕੂਲ ਦਾ ਮੌਕਾ ਦੇਖਣ ਉਪਰੰਤ ਅਗਲੇਰੀ ਕਾਰਵਾਈ ਅਮਲ 'ਚ ਲਿਆਉਣਗੇ। ਇਸ ਸੰਬੰਧੀ ਐੱਸ.ਡੀ.ਐਮ ਧੂਰੀ ਦੀਪਕ ਰੁਹੇਲਾ ਨੇ ਕਿਹਾ ਕਿ ਮਾਮਲਾ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ 'ਚ ਆਇਆ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।