-ਰਣਜੀ ਛੱਡ ਕੇ ਚਾਰ ਹਫਤੇ ਤੋਂ ਐੱਨਸੀਏ 'ਚ ਯੋ-ਯੋ ਟੈਸਟ ਦੀ ਤਿਆਰੀ ਕਰ ਰਹੇ ਨੇ ਯੁਵੀ

-ਟੀਮ ਮੈਨੇਜਮੈਂਟ ਚਾਹੁੰਦੀ ਹੈ ਸੰਨਿਆਸ ਪਰ ਯੁਵੀ ਅਜੇ ਹੋਰ ਖੇਡਣ ਦੇ ਮੂਡ 'ਚ

ਜੇਐੱਨਐੱਨ, ਨਵੀਂ ਦਿੱਲੀ : 38 ਸਾਲ ਦੇ ਆਸ਼ੀਸ਼ ਨੇਹਰਾ ਤੋਂ ਬਾਅਦ ਬੀਸੀਸੀਆਈ ਜਲਦੀ ਹੀ 36 ਸਾਲ ਦੇ ਹੋਣ ਵਾਲੇ ਡੈਸ਼ਿੰਗ ਿਯਕਟਰ ਯੁਵਰਾਜ ਸਿੰਘ ਨੂੰ ਵੀ ਅੰਤਰਰਾਸ਼ਟਰੀ ਿਯਕਟ ਤੋਂ ਵਿਦਾਈ ਦੇਣਾ ਚਾਹੁੰਦਾ ਹੈ। ਹਾਲਾਂਕਿ ਯੁਵਰਾਜ ਅਜੇ ਇਸ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹਨ। ਯੁਵਰਾਜ ਇਸ ਸਮੇਂ ਬੈਂਗਲੁਰੂ 'ਚ ਰਾਸ਼ਟਰੀ ਿਯਕਟ ਅਕੈਡਮੀ (ਐੱਨਸੀਏ) 'ਚ ਅਭਿਆਸ ਕਰ ਰਹੇ ਹਨ ਤੇ ਉਨ੍ਹਾਂ ਦਾ ਮਕਸਦ ਯੋ-ਯੋ ਟੈਸਟ ਪਾਸ ਕਰ ਕੇ ਟੀਮ ਇੰਡੀਆ 'ਚ ਵਾਪਸੀ ਕਰਨਾ ਹੈ।

ਸੂਤਰਾਂ ਮੁਤਾਬਕ ਬੀਸੀਸੀਆਈ ਵੱਲੋਂ ਯੁਵੀ ਤਕ ਸੁਨੇਹਾ ਪਹੁੰਚਾਇਆ ਗਿਆ ਸੀ ਕਿ ਸ੍ਰੀਲੰਕਾ ਖ਼ਿਲਾਫ਼ ਹੋਣ ਵਾਲੀ ਵਨ ਡੇ ਸੀਰੀਜ਼ 'ਚ ਉਹ ਆਪਣਾ ਵਿਦਾਈ ਮੈਚ ਖੇਡ ਸਕਦੇ ਹਨ ਕਿਉਂਕਿ ਇਸ ਦਾ ਦੂਜਾ ਮੈਚ ਉਨ੍ਹਾਂ ਦੇ ਘਰੇਲੂ ਮੈਦਾਨ ਮੋਹਾਲੀ 'ਚ ਹੋਣਾ ਹੈ ਹਾਲਾਂਕਿ ਖੱਬੇ ਹੱਥ ਦੇ ਇਸ ਦਿੱਗਜ ਿਯਕਟਰ ਦੇ ਕਰੀਬੀ ਨੇ ਦੈਨਿਕ ਜਾਗਰਣ ਨੂੰ ਸਾਫ਼-ਸਾਫ਼ ਕਿਹਾ ਕਿ ਯੁਵੀ ਸੰਨਿਆਸ ਕਦ ਲੈਣਗੇ ਇਹ ਉਹ ਖ਼ੁਦ ਤੈਅ ਕਰਨਗੇ। ਬੀਸੀਸੀਆਈ ਇਹ ਕਿਵੇਂ ਤੈਅ ਕਰ ਸਕਦਾ ਹੈ। ਯੁਵੀ ਚਾਰ ਹਫਤੇ ਤੋ ਐੱਨਸੀਏ 'ਚ ਯੋ-ਯੋ ਟੈਸਟ ਦੀ ਤਿਆਰੀ ਕਰ ਰਹੇ ਹਨ। ਨਵੰਬਰ ਦੇ ਆਖ਼ਰ 'ਚ ਇਹ ਟੈਸਟ ਹੋਣਾ ਹੈ। ਉਨ੍ਹਾਂ ਦਾ ਟੀਚਾ ਇਸ ਨੂੰ ਪਾਸ ਕਰ ਕੇ ਟੀਮ ਵਿਚ ਥਾਂ ਬਣਾਉਣਾ ਹੈ ਹਾਲਾਂਕਿ ਬੀਸੀਸੀਆਈ ਦੇ ਇਕ ਅਹੁਦੇਦਾਰ ਨੇ ਮੰਗਲਵਾਰ ਨੂੰ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਨਾਲ ਮੀਟਿੰਗ ਤੋਂ ਪਹਿਲਾਂ ਇਸ ਗੱਲ 'ਤੇ ਸਵਾਲ ਉਠਾਏ ਸਨ ਕਿ ਯੁਵਰਾਜ ਰਣਜੀ ਖੇਡਣ ਦੀ ਥਾਂ ਐੱਨਸੀਏ 'ਚ ਅਭਿਆਸ ਕਿਉਂ ਕਰ ਰਹੇ ਹਨ। ਕੁੱਲ ਮਿਲਾ ਕੇ ਯੁਵੀ ਦੇ ਭਵਿੱਖ ਨੂੰ ਲੈ ਕੇ ਬੀਸੀਸੀਆਈ ਤੇ ਇਸ ਿਯਕਟਰ ਵਿਚਾਲੇ ਰਸਾਕਸ਼ੀ ਚੱਲ ਰਹੀ ਹੈ।

ਟੀਮ ਇਸ ਸਮੇਂ ਸ੍ਰੀਲੰਕਾ ਖ਼ਿਲਾਫ਼ ਟੈਸਟ ਸੀਰੀਜ਼ ਖੇਡ ਰਹੀ ਹੈ। ਇਸ ਤੋਂ ਬਾਅਦ ਵਨ ਡੇ ਸੀਰੀਜ਼ ਹੋਣੀ ਹੈ। ਦਸ ਦਸੰਬਰ ਨੂੰ ਧਰਮਸ਼ਾਲਾ 'ਚ ਪਹਿਲਾ ਤੇ 13 ਨੂੰ ਮੋਹਾਲੀ 'ਚ ਦੂਜਾ ਵਨ ਡੇ ਹੋਵੇਗਾ। ਮੋਹਾਲੀ ਦਾ ਆਈਐੱਸ ਬਿੰਦਰਾ ਸਟੇਡੀਅਮ ਯੁਵਰਾਜ ਦਾ ਘਰੇਲੂ ਮੈਦਾਨ ਹੈ। ਮੈਚ ਤੋਂ ਇਕ ਦਿਨ ਪਹਿਲਾਂ ਹੀ ਯੁਵਰਾਜ ਦਾ ਜਨਮ ਦਿਨ ਹੈ ਤੇ ਇਸ ਦਿਨ ਉਹ 36 ਸਾਲ ਦੇ ਹੋ ਜਾਣਗੇ।

ਭਾਰਤੀ ਟੀਮ ਮੈਨੇਜਮੈਂਟ ਨੂੰ ਲਗਦਾ ਹੈ ਕਿ ਯੁਵੀ ਹੁਣ ਭਵਿੱਖ ਦੀ ਟੀਮ ਇੰਡੀਆ ਦੀ ਯੋਜਨਾ ਦਾ ਹਿੱਸਾ ਨਹੀਂ ਹਨ। ਉਨ੍ਹਾਂ ਦਾ 2019 'ਚ ਇੰਗਲੈਂਡ 'ਚ ਹੋਣ ਵਾਲੇ ਵਿਸ਼ਵ ਕੱਪ ਤਕ ਟੀਮ ਦਾ ਹਿੱਸਾ ਬਣਿਆ ਰਹਿਣਾ ਬਹੁਤ ਮੁਸ਼ਕਿਲ ਹੈ। ਹਾਲਾਂਕਿ ਯੁਵੀ ਦੇ ਕਰੀਬੀ ਦਾ ਕਹਿਣਾ ਹੈ ਕਿ ਉਹ 2019 ਵਿਸ਼ਵ ਕੱਪ ਤਕ ਖੇਡਣ ਲਈ ਹੀ ਸਭ ਕੁਝ ਛੱਡ ਕੇ ਐੱਨਸੀਏ 'ਚ ਪਸੀਨਾ ਵਹਾਅ ਰਹੇ ਹਨ।

ਕਈ ਿਯਕਟਰਾਂ ਨੂੰ ਨਹੀਂ ਮਿਲਿਆ ਵਿਦਾਈ ਮੈਚ :

104 ਟੈਸਟ ਤੇ 251 ਵਨ ਡੇ ਖੇਡਣ ਵਾਲੇ ਵਰਿੰਦਰ ਸਹਿਵਾਗ ਸਮੇਤ ਕਈ ਵੱਡੇ ਿਯਕਟਰਾਂ ਨੂੰ ਵਿਦਾਈ ਮੈਚ ਖੇਡਣ ਨੂੰ ਨਹੀਂ ਮਿਲਿਆ। 100 ਤੋਂ ਜ਼ਿਆਦਾ ਟੈਸਟ ਤੇ 200 ਤੋਂ ਜ਼ਿਆਦਾ ਵਨ ਡੇ ਖੇਡਣ ਵਾਲੇ ਹਰਭਜਨ ਸਿੰਘ ਤੇ ਗੌਤਮ ਗੰਭੀਰ ਨੂੰ ਵੀ ਇਹ ਮੌਕਾ ਮਿਲਣ ਦੀ ਘੱਟ ਹੀ ਸੰਭਾਵਨਾ ਹੈ। ਨੇਹਰਾ ਤੇ ਯੁਵਰਾਜ ਦੇ ਵਿਰਾਟ ਨਾਲ ਚੰਗੇ ਸਬੰਧ ਰਹੇ ਹਨ। ਇਹੀ ਕਾਰਨ ਹੈ ਕਿ 17 ਟੈਸਟ ਤੇ 120 ਵਨ ਡੇ ਖੇਡਣ ਵਾਲੇ ਨੇਹਰਾ ਨੂੰ ਪਿਛਲੇ ਦਿਨੀਂ ਆਪਣੇ ਘਰੇਲੂ ਮੈਦਾਨ ਿਫ਼ਰੋਜ਼ਸ਼ਾਹ ਕੋਟਲਾ ਸਟੇਡੀਅਮ 'ਚ ਵਿਦਾਈ ਮੈਚ ਖੇਡਣ ਦਾ ਮੌਕਾ ਮਿਲਿਆ। ਯੁਵੀ ਤੇ ਕੋਹਲੀ ਵਿਚਾਲੇ ਵੀ ਚੰਗੀ ਦੋਸਤੀ ਹੈ। ਕਪਤਾਨ ਆਪਣੇ ਦੂਜੇ ਦੋਸਤ ਨੂੰ ਵੀ ਅੰਤਰਰਾਸ਼ਟਰੀ ਿਯਕਟ ਤੋਂ ਵਧੀਆ ਵਿਧਾਈ ਦੇਣਾ ਚਾਹੁੰਦੇ ਹਨ।

ਜੂਨ 'ਚ ਖੇਡਿਆ ਸੀ ਯੁਵੀ ਨੇ ਆਖ਼ਰੀ ਮੈਚ :

40 ਟੈਸਟ, 304 ਵਨ ਡੇ ਤੇ 58 ਟੀ-20 ਖੇਡਣ ਵਾਲੇ ਯੁਵੀ ਨੇ ਆਪਣਾ ਆਖ਼ਰੀ ਅੰਤਰਰਾਸ਼ਟਰੀ ਮੈਚ ਇਸ ਸਾਲ 30 ਜੂਨ ਨੂੰ ਨਾਰਥ ਸਾਊਂਡ 'ਚ ਵੈਸਟਇੰਡੀਜ਼ ਖ਼ਿਲਾਫ਼ ਖੇਡਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਟੀਮ 'ਚ ਨਹੀਂ ਚੁਣਿਆ ਗਿਆ। ਇਸ ਪਿੱਛੇ ਕਾਰਨ ਯੋ-ਯੋ ਟੈਸਟ 'ਚ ਫੇਲ੍ਹ ਹੋਣਾ ਦੱਸਿਆ ਗਿਆ। ਉਨ੍ਹਾਂ ਦੀ ਇਸੇ ਸਾਲ ਜਨਵਰੀ 'ਚ ਚਾਰ ਸਾਲ ਬਾਅਦ ਵਨ ਡੇ ਟੀਮ 'ਚ ਇੰਗਲੈਂਡ ਖ਼ਿਲਾਫ਼ ਵਾਪਸੀ ਹੋਈ ਸੀ। ਉਨ੍ਹਾਂ ਨੇ ਆਪਣੀ ਚੋਣ ਨੂੰ ਸਹੀ ਸਾਬਿਤ ਕਰਦੇ ਹੋਏ ਤਿੰਨ ਮੈਚਾਂ 'ਚ ਇਕ ਸੈਂਕੜੇ ਦੀ ਮਦਦ ਨਾਲ 210 ਦੌੜਾਂ ਬਣਾਈਆਂ ਸਨ ਪਰ ਇਸ ਤੋਂ ਬਾਅਦ ਹੋਈ ਚੈਂਪੀਅਨਜ਼ ਟਰਾਫੀ 'ਚ ਉਹ ਪਹਿਲੇ ਮੈਚ 'ਚ ਪਾਕਿਸਤਾਨ ਖ਼ਿਲਾਫ਼ ਫ਼ੈਸਲਾਕੁਨ ਪਾਰੀ ਖੇਡਣ ਤੋਂ ਇਲਾਵਾ ਕੁਝ ਖ਼ਾਸ ਨਾ ਕਰ ਸਕੇ ਸਨ। ਵੈਸਟਇੰਡੀਜ਼ ਖ਼ਿਲਾਫ਼ ਆਖ਼ਰੀ ਸੀਰੀਜ਼ ਦੇ ਤਿੰਨ ਮੈਚਾਂ 'ਚ ਵੀ ਉਨ੍ਹਾਂ ਨੇ 04, 14 ਤੇ 39 ਦੌੜਾਂ ਦਾ ਸਕੋਰ ਬਣਾਇਆ ਸੀ।