-ਕਿਹਾ, ਓਲੰਪਿਕ ਮੈਡਲ ਜੇਤੂ ਭਲਵਾਨ ਤੋਂ ਲੈਂਦੀ ਹਾਂ ਪ੍ਰੇਰਣਾ

-ਸਾਨੂੰ ਭਲਵਾਨ ਬਣਾਉਣ ਲਈ ਪਿਤਾ ਨੂੰ ਸਹਿਣਾ ਪਿਆ ਵਿਰੋਧ

ਬੈਂਗਲੁਰੂ (ਪੀਟੀਆਈ) : ਭਲਵਾਨ ਬਬੀਤਾ ਫੋਗਾਟ ਨੇ ਕਿਹਾ ਕਿ ਉਹ ਆਪਣੇ ਪਿਤਾ ਮਹਾਵੀਰ ਸਿੰਘ ਫੋਗਾਟ ਤੇ ਦੋ ਵਾਰ ਦੇ ਓਲੰਪਿਕ ਮੈਡਲ ਜੇਤੂ ਸੁਸ਼ੀਲ ਕੁਮਾਰ ਤੋਂ ਪ੍ਰੇਰਣਾ ਲੈਂਦੀ ਹੈ। ਵੱਡੀ ਭੈਣ ਗੀਤਾ ਫੋਗਾਟ ਨਾਲ ਇੱਥੇ ਇਕ ਪ੍ਰੋਗਾਰਮ 'ਚ ਪੁੱਜੀ ਬਬੀਤਾ ਨੇ ਕਿਹਾ ਕਿ ਮੇਰੇ ਪਿਤਾ ਮੇਰੇ ਪਹਿਲੇ ਤੇ ਸਭ ਤੋਂ ਵੱਡੇ ਆਦਰਸ਼ ਹਨ। ਉਹ ਅਸਲੀ ਸਟਾਰ ਅਤੇ ਅਸਲੀ ਹੀਰੋ ਹਨ। ਉਨ੍ਹਾਂ ਤੋਂ ਬਾਅਦ ਮੇਰੇ ਆਦਰਸ਼ ਸੁਸ਼ੀਲ ਹਨ। 2008 'ਚ ਬੀਜਿੰਗ ਓਲੰਪਿਕ 'ਚ ਮੈਡਲ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਪ੍ਰਭਾਵਿਤ ਕੀਤਾ। ਗਲਾਸਗੋ 'ਚ ਹੋਈਆਂ ਰਾਸ਼ਟਰਮੰਡਲ ਖੇਡਾਂ ਦੀ ਗੋਲਡ ਮੈਡਲ ਜੇਤੂ ਭਲਵਾਨ ਨੇ ਕਿਹਾ ਕਿ ਆਮਿਰ ਖ਼ਾਨ ਦੀ ਫਿਲਮ ਦੰਗਲ ਉਨ੍ਹਾਂ ਦੇ ਪਿਤਾ ਮਹਾਵੀਰ ਫੋਗਾਟ ਦੇ ਸੰਘਰਸ਼ ਤੇ ਤਿਆਗ ਨੂੰ ਲੋਕਾਂ ਸਾਹਮਣੇ ਲੈ ਕੇ ਆਈ। ਬਬੀਤਾ ਮੁਤਾਬਕ ਉਨ੍ਹਾਂ ਨੂੰ ਵਿਸ਼ਵ ਪੱਧਰੀ ਭਲਵਾਨ ਬਣਾਉਣ ਲਈ ਉਨ੍ਹਾਂ ਦੇ ਪਿਤਾ ਨੂੰ ਸਮਾਜ ਦੇ ਨਾਲ ਰਿਸ਼ਤੇਦਾਰਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਉਹ (ਮਹਾਵੀਰ) ਕੋਚ ਦੇ ਰੂਪ 'ਚ ਸਖ਼ਤ ਦਿਖਦੇ ਹਨ ਪਰ ਪਿਤਾ ਵਜੋਂ ਬਹੁਤ ਭਾਵੁਕ ਹਨ। ਇਹੀ ਉਨ੍ਹਾਂ ਦੀ ਕਮਜ਼ੋਰੀ ਤੇ ਮਜ਼ਬੂਤੀ ਵੀ ਹੈ। ਵਿਆਹ ਬਾਰੇ ਪੁੱਛੇ ਜਾਣ 'ਤੇ ਬਬੀਤਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਦੇਸ਼ ਲਈ ਮੈਡਲ ਜਿੱਤਣਾ ਹੈ। ਜਦ ਮਾਤਾ-ਪਿਤਾ ਵਿਆਹ ਕਰਨਾ ਚਾਹੁਣਗੇ ਉਦੋਂ ਉਹ ਵਿਆਹ ਕਰ ਲਵੇਗੀ। ਮਾਸਾਹਾਰੀ ਖਾਣ ਬਾਰੇ ਉਨ੍ਹਾਂ ਨੇ ਕਿਹਾ ਕਿ ਭਲਵਾਨ ਲਈ ਮਾਸਾਹਾਰੀ ਹੋਣਾ ਪਸੰਦ ਤੋਂ ਜ਼ਿਆਦਾ ਲੋੜ ਦਾ ਸਵਾਲ ਹੈ।